Saturday, July 11, 2026
spot_img

ਵਿਵਾਦ: ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਤੋਂ ਬੈਨ ਹਟਾਉਣ ਨੂੰ ਲੈ ਕੇ ਆ ਗਈ ਵੱਡੀ ਖ਼ਬਰ

Must read

ਲੁਧਿਆਣਾ, 11 ਜੁਲਾਈ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਵਿਵਾਦਾਂ ਵਿੱਚ ਘਿਰੀ ਫ਼ਿਲਮ ‘ਸਤਲੁਜ’ ’ਤੇ ਲੱਗੀ ਪਾਬੰਦੀ ’ਤੇ ਅੱਜ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨੇ ਵੱਡਾ ਫੈਸਲਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਗਠਿਤ ਕੀਤੀ ਗਈ ਉੱਚ-ਪੱਧਰੀ ਕੇਂਦਰੀ ਕਮੇਟੀ ਨੇ ਫ਼ਿਲਮ ’ਤੇ ਲੱਗੀ ਰੋਕ ਨੂੰ ਬਰਕਰਾਰ ਰੱਖਣ ਦੀ ਸਿਫ਼ਾਰਸ਼ ਕੀਤੀ ਹੈ। ਖ਼ਬਰਾਂ ਦੀਆਂ ਵੱਡੀਆਂ ਏਜੰਸੀਆਂ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਪੁਸ਼ਟੀ ਕੀਤੀ ਹੈ ਕਿ ਫ਼ਿਲਮ ਦੀ ਸਮੱਗਰੀ (ਕੰਟੈਂਟ) ਦੀ ਜਾਂਚ ਕਰਨ ਵਾਲੀ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਆਨਲਾਈਨ ਸਟਰੀਮਿੰਗ ਪਲੇਟਫਾਰਮਾਂ ਰਾਹੀਂ ਇਸ ਫ਼ਿਲਮ ਦੇ ਜਨਤਕ ਪ੍ਰਸਾਰਣ ’ਤੇ ਪਾਬੰਦੀ ਜਾਰੀ ਰਹਿਣੀ ਚਾਹੀਦੀ ਹੈ, ਕਿਉਂਕਿ ਇਹ ਫ਼ਿਲਮ ਕਥਿਤ ਤੌਰ ’ਤੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੇ ਖ਼ਿਲਾਫ਼ ਹੈ।
ਦੂਜੇ ਪਾਸੇ, ਇਹ ਫ਼ਿਲਮ ਹੁਣ ਕੌਮਾਂਤਰੀ ਪੱਧਰ ’ਤੇ ਵੀ ਬੈਨ ਹੋ ਗਈ ਹੈ। ‘ਜ਼ੀ-5’ ਓ.ਟੀ.ਟੀ. ਪਲੇਟਫਾਰਮ ਨੇ ਇਸ ਨੂੰ ਆਪਣੇ ਇੰਟਰਨੈਸ਼ਨਲ ਸੈਕਸ਼ਨ ਤੋਂ ਵੀ ਹਟਾ ਦਿੱਤਾ ਹੈ, ਜਿਸ ਦੀ ਪੁਸ਼ਟੀ ਫ਼ਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਇੱਕ ਮੀਡੀਆ ਹਾਊਸ ਨਾਲ ਗੱਲਬਾਤ ਦੌਰਾਨ ਕੀਤੀ। ਦੱਸਣਯੋਗ ਹੈ ਕਿ ਭਾਰਤ ਵਿੱਚ ਇਹ ਫ਼ਿਲਮ 3 ਜੁਲਾਈ ਨੂੰ ਰਿਲੀਜ਼ ਹੋਈ ਸੀ ਅਤੇ ਮਹਿਜ਼ ਦੋ ਦਿਨਾਂ ਬਾਅਦ 5 ਜੁਲਾਈ ਨੂੰ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਸੀ। ਕੇਂਦਰ ਸਰਕਾਰ ਅਨੁਸਾਰ ਫ਼ਿਲਮ ਨੂੰ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ ਵੱਲੋਂ ਲੋੜੀਂਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਸੀ।
ਰਾਜ ਮੰਤਰੀ ਬਿੱਟੂ ਦੀ ਪੋਸਟ ਨਾਲ ਨਵਾਂ ਵਿਵਾਦ
ਫ਼ਿਲਮ ਨੂੰ ਓ.ਟੀ.ਟੀ. ਤੋਂ ਹਟਾਏ ਜਾਣ ਤੋਂ ਬਾਅਦ ਸ਼ੁਰੂ ਹੋਇਆ ਸਿਆਸੀ ਤੇ ਸਮਾਜਿਕ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਬਹਿਸ ਦੌਰਾਨ ਇੱਕ ਖਾੜਕੂ ‘ਸ਼ੇਰਾ’ ਦੀ ਹੱਥ ਵਿੱਚ ਏ.ਕੇ.-47 ਫੜੀ ਹੋਈ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਬਿੱਟੂ ਨੇ ਇਸ ਤਸਵੀਰ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਦੀ ਇੱਕ ਪੁਰਾਣੀ ਅਖ਼ਬਾਰੀ ਖ਼ਬਰ ਦੀ ਕਟਿੰਗ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ 17 ਸਾਲਾ ਨਾਬਾਲਗ ਲੜਕੀ ਦੇ ਮਾਤਾ-ਪਿਤਾ ਦਾ ਕਤਲ ਕਰਨ ਅਤੇ ਉਸ ਨੂੰ ਬੰਧਕ ਬਣਾ ਕੇ ਜਬਰ-ਜਨਾਹ ਕਰਨ ਦੀ ਘਟਨਾ ਦਾ ਜ਼ਿਕਰ ਹੈ।
ਕੇਂਦਰੀ ਮੰਤਰੀ ਬਿੱਟੂ ਨੇ ਤਿੱਖਾ ਹਮਲਾ ਕਰਦਿਆਂ ਲਿਖਿਆ, “ਹਜ਼ਾਰਾਂ ਦਰਦਨਾਕ ਕਿੱਸਿਆਂ ਵਿੱਚੋਂ ਇਹ ਇੱਕ ਕਿੱਸਾ ਹੈ… ਇਹ ਹਨ ਖਾਲਿਸਤਾਨ ਦੇ ਸ਼ਹੀਦ।”ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਲੋਕ ਅੱਜ ਇਨ੍ਹਾਂ ਕਾਤਲਾਂ ਅਤੇ ਬਲਾਤਕਾਰੀਆਂ ਨੂੰ ‘ਨਾਇਕ’ ਜਾਂ ‘ਸ਼ਹੀਦ’ ਬਣਾ ਕੇ ਪੇਸ਼ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ, ਉਹ ਅਸਲ ਵਿੱਚ ਪੰਜਾਬ ਦੇ ਉਨ੍ਹਾਂ ਡੂੰਘੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ, ਜਿਨ੍ਹਾਂ ਨੂੰ ਪੰਜਾਬ ਦੀ ਜਨਤਾ ਕਦੇ ਭੁੱਲ ਨਹੀਂ ਸਕਦੀ।
ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਹੈ ਫ਼ਿਲਮ
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਇਹ ਫ਼ਿਲਮ ਪੰਜਾਬ ਦੇ ਮਸ਼ਹੂਰ ਮਾਨਵਾਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ’ਤੇ ਆਧਾਰਿਤ ਹੈ। ਜਸਵੰਤ ਸਿੰਘ ਖਾਲੜਾ ਨੇ 90 ਦੇ ਦੌਰ ਵਿੱਚ ਪੰਜਾਬ ਅੰਦਰ ਹੋਏ ਕਥਿਤ ਫ਼ਰਜ਼ੀ ਮੁਕਾਬਲਿਆਂ ਵਿੱਚ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਸਸਕਾਰ ਅਤੇ ਨੌਜਵਾਨਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ। ਇਹ ਫ਼ਿਲਮ ਪਿਛਲੇ 3 ਸਾਲਾਂ ਦੀ ਸੈਂਸਰਸ਼ਿਪ ਦੀ ਰੋਕ ਤੋਂ ਬਾਅਦ ਆਪਣਾ ਨਾਮ ਬਦਲ ਕੇ ਰਿਲੀਜ਼ ਕੀਤੀ ਗਈ ਸੀ। ਪਹਿਲਾਂ ਇਸ ਦਾ ਨਾਮ ‘ਪੰਜਾਬ 95’ ਰੱਖਿਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ‘ਸਤਲੁਜ’ ਕਰਕੇ ਓ.ਟੀ.ਟੀ. ’ਤੇ ਲਿਆਂਦਾ ਗਿਆ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article