ਫਿਰੋਜ਼ਪੁਰ ਰੋਡ ਵੱਲ ਜਾਣ ਵਾਲੇ ਲੋਕ ਬਦਲ ਲੈਣ ਆਪਣਾ ਰਾਹ
ਲੁਧਿਆਣਾ, 13 ਜੁਲਾਈ
ਲਲਤੋ ਇਲਾਕੇ ਵਿੱਚ ਤਿੰਨ ਸਾਲ ਪਹਿਲਾਂ ਨਿਹੰਗ ਸਿੰਘ ਦੇ ਕਤਲ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਤੋਂ ਨਾਰਾਜ਼ ਨਿਹੰਗ ਸਿੰਘਾਂ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਫਿਰੋਜ਼ਪੁਰ ਰੋਡ ਨੂੰ ਦੋਵਾਂ ਪਾਸਿਆਂ ਤੋਂ ਟਰੈਫਿਕ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀ ਸਵੇਰੇ 10 ਵਜੇ ਤੋਂ ਹੀ ਮੁੱਖ ਸੜਕ ਦੇ ਵਿਚਕਾਰ ਦਰੀਆਂ ਵਿਛਾ ਕੇ ਧਰਨੇ ’ਤੇ ਬੈਠ ਗਏ। ਸੜਕ ਦੇ ਦੋਵੇਂ ਹਿੱਸੇ ਬੰਦ ਹੋਣ ਕਾਰਨ ਇੱਥੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਕਾਰਨ ਆਮ ਰਾਹਗੀਰਾਂ ਅਤੇ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਬਰ ਲਿੱਖੇ ਜਾਣ ਤੱਕ ਪੁਲੀਸ ਤੇ ਨਿਹੰਗ ਸਿੰਘਾਂ ਵਿਚਾਲੇ ਗੱਲਬਾਤ ਚੱਲ ਰਹੀ ਸੀ, ਪਰ ਨਿਹੰਗ ਸਿੰਘਾਂ ਨੇ ਸਾਫ਼ ਕਿਹਾ ਹੈ ਕਿ ਜਦ ਤੱਕ ਕਾਤਲ ਫੜ੍ਹੇ ਨਹੀਂ ਜਾਂਦੇ, ਉਹ ਧਰਨਾ ਨਹੀਂ ਚੁੱਕਣਗੇ। ਇਸ ਕਰਕੇ ਜੋ ਲੋਕ ਫਿਰੋਜ਼ਪੁਰ ਰੋਡ ਵੱਲ ਜਾ ਰਹੇ ਹਨ, ਉਹ ਆਪਣਾ ਰਸਤਾ ਬਦਲ ਲੈਣ। ਉਧਰ, ਜ਼ਿਲ੍ਹਾ ਕਚਿਹਰੀ ਤੇ ਸੀਪੀ ਦਫ਼ਤਰ ਵਿੱਚ ਜਾਣ ਵਾਲੇ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਹਨ। ਦੂਜ਼ੇ ਪਾਸੇ ਪੁਲੀਸ ਦੇ ਅਧਿਕਾਰੀ ਨਿਹੰਗ ਸਿੰਘਾਂ ਨੂੰ ਮਨਾਉਣ ਵਿੱਚ ਲੱਗੇ ਹੋਏ ਹਨ।
ਧਰਨੇ ’ਤੇ ਬੈਠੇ ਨਿਹੰਗ ਸਿੰਘਾਂ ਨੇ ਪੁਲੀਸ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਨਿਹੰਗ ਫ਼ਤਹਿਵੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਅੰਨ੍ਹੇ ਕਤਲ ਕਾਂਡ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਵੱਲੋਂ ਪਿਛਲੇ 3 ਸਾਲਾਂ ਦੌਰਾਨ ਕੋਈ ਵੀ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅੱਜ ਵੀ ਸ਼ਰੇਆਮ ਆਜ਼ਾਦ ਘੁੰਮ ਰਹੇ ਹਨ। ਪ੍ਰਦਰਸ਼ਨਕਾਰੀਆਂ ਦੇ ਆਗੂਆਂ ਮੁਤਾਬਕ ਉਹ ਆਪਣੇ ਸਾਥੀ ਦੇ ਕਾਤਲਾਂ ਦੀ ਗਿ੍ਰਫ਼ਤਾਰੀ ਅਤੇ ਇਨਸਾਫ਼ ਲੈਣ ਲਈ ਪਿਛਲੇ ਲੰਮੇ ਸਮੇਂ ਤੋਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ-ਕੱਟ ਕੇ ਥੱਕ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਭਰੋਸਿਆਂ ਤੋਂ ਬਿਨਾਂ ਕੁਝ ਹਾਸਲ ਨਹੀਂ ਹੋਇਆ। ਅਧਿਕਾਰੀਆਂ ਦੇ ਇਸੇ ਢਿੱਲੇ ਅਤੇ ਟਾਲ-ਮਟੋਲ ਵਾਲੇ ਰਵੱਈਏ ਤੋਂ ਤੰਗ ਆ ਕੇ ਅੱਜ ਉਨ੍ਹਾਂ ਨੂੰ ਮਜਬੂਰਨ ਸੜਕਾਂ ’ਤੇ ਉਤਰ ਕੇ ਚੱਕਾ ਜਾਮ ਕਰਨ ਦਾ ਫ਼ੈਸਲਾ ਲੈਣਾ ਪਿਆ ਹੈ।
ਲੁਧਿਆਣਾ ’ਚ ਨਿਹੰਗ ਸਿੰਘਾਂ ਨੇ ਫਿਰੋਜ਼ਪੁਰ ਰੋਡ ਕੀਤੀ ਜਾਮ, ਲਗਾਇਆ ਗਿਆ ਧਰਨਾ




