ਇਲੈਕਟ੍ਰਿਕ ਰੋਟੀ ਮੇਕਰ ’ਚੋਂ 1 ਕਿੱਲੋ 138 ਗ੍ਰਾਮ ਅਫ਼ੀਮ ਬਰਾਮਦ; ਇੱਕ ਗ੍ਰਿਫ਼ਤਾਰ
ਲੁਧਿਆਣਾ, 12 ਅਗਸਤ
ਸ਼ਹਿਰ ਦੇ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਡੀਐਚਐਲ ਈ-ਕਾਮਰਸ ਪਾਰਸਲ ਜ਼ਰੀਏ ਕੀਤੀ ਜਾ ਰਹੀ ਨਸ਼ਾ ਤਸਕਰੀ ਦਾ ਪਰਦਾਫ਼ਾਸ਼ ਕਰਦਿਆਂ ਇੱਕ ਨੌਜਵਾਨ ਨੂੰ 1 ਕਿੱਲੋ 138 ਗ੍ਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਹੈ।ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਮੁਤਾਬਕ ਲੰਘੀ 11 ਅਗਸਤ ਨੂੰ ਸਬ-ਇੰਸਪੈਕਟਰ ਕਰਮਜੀਤ ਸਿੰਘ ਪੁਲੀਸ ਟੀਮ ਸਮੇਤ ਢੰਡਾਰੀ ਕਲਾਂ ’ਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.), ਸੈਕਟਰ-66 ਮੋਹਾਲੀ ਦੇ ਇੰਸਪੈਕਟਰ ਅਜੇ ਕੁਮਾਰ ਵੱਲੋਂ ਭੇਜੀ ਗਈ ਲਿਖਤੀ ਇਤਲਾਹ ਪੁਲੀਸ ਨੂੰ ਪ੍ਰਾਪਤ ਹੋਈ। ਇਤਲਾਹ ਦੇ ਆਧਾਰ ’ਤੇ ਪੁਲੀਸ ਟੀਮ ਤੁਰੰਤ ਡੀ.ਐੱਚ.ਐੱਲ. ਦਫ਼ਤਰ, ਢੰਡਾਰੀ ਖ਼ੁਰਦ (ਜੀ.ਟੀ. ਰੋਡ) ਪਹੁੰਚੀ।
ਵੀਡੀਓਗ੍ਰਾਫ਼ੀ ਦੌਰਾਨ ਖੋਲਿ੍ਹਆ ਗਿਆ ਪਾਰਸਲ
ਪੁਲੀਸ ਅਨੁਸਾਰ ਮੁਲਜ਼ਮ ਆਏ ਪਾਰਸਲ ਨੂੰ ਮੌਕੇ ’ਤੇ ਪੂਰੀ ਵੀਡੀਓਗ੍ਰਾਫ਼ੀ ਦੀ ਨਿਗਰਾਨੀ ਹੇਠ ਈ-ਕਾਮਰਸ ਪ੍ਰਕਿਰਿਆ ਤਹਿਤ ਖੋਲਿ੍ਹਆ ਗਿਆ। ਪਾਰਸਲ ਵਿੱਚੋਂ ਕੱਪੜਿਆਂ ਸਮੇਤ ਹੋਰ ਸਾਮਾਨ ਬਰਾਮਦ ਹੋਇਆ, ਜਿਸ ਵਿੱਚ ਵੱਖ-ਵੱਖ ਰੰਗਾਂ ਦੀਆਂ ਪੈਂਟਾਂ, ਟੀ-ਸ਼ਰਟਾਂ, ਛੋਟੇ ਦੁਪੱਟੇ ਅਤੇ ਛੇ ਜੋੜੇ ਜੁਰਾਬਾਂ ਸ਼ਾਮਲ ਸਨ।
ਰੋਟੀ ਮੇਕਰ ਦੇ ਅੰਦਰੋਂ ਬਰਾਮਦ ਹੋਈ ਅਫ਼ੀਮ
ਜਦੋਂ ਪਾਰਸਲ ਵਿੱਚ ਰੱਖੇ ਇਲੈਕਟ੍ਰਿਕ ਰੋਟੀ ਮੇਕਰ ਨੂੰ ਖੋਲ੍ਹ ਕੇ ਬਾਰੀਕੀ ਨਾਲ ਜਾਂਚਿਆ ਗਿਆ, ਤਾਂ ਉਸ ਦੇ ਉੱਪਰ ਅਤੇ ਹੇਠਾਂ ਕਾਲੇ ਰੰਗ ਦੇ ਦੋ ਮੋਮੀ ਲਿਫ਼ਾਫ਼ੇ ਛੁਪਾਏ ਹੋਏ ਮਿਲੇ। ਲਿਫ਼ਾਫ਼ੇ ਖੋਲ੍ਹਣ ’ਤੇ ਉਨ੍ਹਾਂ ਵਿੱਚੋਂ ਕੁੱਲ 1 ਕਿੱਲੋ 138 ਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲੀਸ ਨੇ ਨਸ਼ੀਲੇ ਪਦਾਰਥ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਕਾਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ।
ਤਸਕਰੀ ਨੈੱਟਵਰਕ ਦੀ ਜਾਂਚ ’ਚ ਜੁਟੀ ਪੁਲੀਸ
ਥਾਣਾ ਸਾਹਨੇਵਾਲ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 18 ਅਤੇ 61-85 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਅਫ਼ੀਮ ਦੀ ਇਹ ਖੇਪ ਕਿੱਥੋਂ ਮੰਗਵਾਈ ਗਈ ਸੀ ਅਤੇ ਇਸ ਨੂੰ ਅੱਗੇ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ। ਇਸ ਦੇ ਨਾਲ ਹੀ ਪਾਰਸਲ ਜ਼ਰੀਏ ਨਸ਼ਾ ਤਸਕਰੀ ਕਰਨ ਵਾਲੇ ਪੂਰੇ ਨੈੱਟਵਰਕ ਦੀਆਂ ਤੰਦਾਂ ਫੋਲੀਆਂ ਜਾ ਰਹੀਆਂ ਹਨ>
ਲੁਧਿਆਣਾ ’ਚ DHL ਕੋਰਿਅਰ ਦੇ ਦਫ਼ਤਰ ਵਿੱਚ ਪੁਲੀਸ ਦੀ ਰੇਡ




