Wednesday, August 12, 2026
spot_img

ਲੁਧਿਆਣਾ ’ਚ ਸਕੂਲ ਤੋਂ ਬੱਚਾ ਲਾਪਤਾ ਹੋਣ ’ਤੇ ਹੰਗਾਮਾ; ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ

Must read

ਦਾਦੇ ਦਾ ਆਰੋਪ: ਸਕੂਲ ਪ੍ਰਬੰਧਕਾਂ ਦੀ ਮਿਲੀਭੁਗਤ ਨਾਲ ਮਾਂ ਨੇ ਕੀਤਾ ਬੱਚੇ ਦਾ ਅਗਵਾ
ਸਟਾਫ਼ ਰਿਪੋਰਟਰ
ਲੁਧਿਆਣਾ, 12 ਅਗਸਤ
ਮਹਾਨਗਰ ਦੇ ਹੁਸੈਨਪੁਰ ਸਥਿਤ ‘ਸ਼੍ਰੀ ਆਤਮ ਵੱਲਭ ਜੈਨ ਪਬਲਿਕ ਸਕੂਲ’ ਦੇ ਬਾਹਰ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਲੰਘੇ ਮੰਗਲਵਾਰ ਨੂੰ ਸਕੂਲ ਵਿੱਚੋਂ ਇੱਕ ਬੱਚੇ ਦੇ ਕਥਿਤ ਅਗਵਾ ਹੋਣ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਕੂਲ ਦੇ ਮੁੱਖ ਗੇਟ ਦੇ ਬਾਹਰ ਧਰਨਾ ਲਾ ਦਿੱਤਾ। ਮਾਮਲੇ ਦੀ ਗੰਭੀਰਤਾ ਅਤੇ ਹੰਗਾਮੇ ਨੂੰ ਦੇਖਦਿਆਂ ਸਕੂਲ ਪ੍ਰਬੰਧਕਾਂ ਨੇ ਅੰਦਰੋਂ ਗੇਟ ਬੰਦ ਕਰ ਲਿਆ ਅਤੇ ਅੱਜ ਸਕੂਲ ਵਿੱਚ ਪੂਰੀ ਤਰ੍ਹਾਂ ਛੁੱਟੀ ਦਾ ਐਲਾਨ ਕਰ ਦਿੱਤਾ।
ਧਰਨੇ ’ਤੇ ਬੈਠੇ ਬੱਚੇ ਦੇ ਦਾਦੇ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਪਿਛਲੇ 6-7 ਸਾਲਾਂ ਤੋਂ ਉਨ੍ਹਾਂ ਕੋਲ ਹੀ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦੇ ਪਿਤਾ ਦਾ 4 ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਉਸ ਦੀ ਮਾਂ ਕਈ ਸਾਲ ਪਹਿਲਾਂ ਹੀ ਉਨ੍ਹਾਂ ਨੂੰ ਛੱਡ ਕੇ ਜਾ ਚੁੱਕੀ ਸੀ। ਬੱਚੇ ਦੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਦਾਦਾ-ਦਾਦੀ ਹੀ ਚੁੱਕ ਰਹੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਨੂੰ ਬਾਕਾਇਦਾ ਇੱਕ ਹਫ਼ਨਾਮਾ ਅਤੇ ਲਿਖਤੀ ਹਦਾਇਤ ਦਿੱਤੀ ਸੀ ਕਿ ਬੱਚੇ ਨੂੰ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ (ਖ਼ਾਸਕਰ ਉਸ ਦੀ ਮਾਂ) ਨੂੰ ਨਾ ਸੌਂਪਿਆ ਜਾਵੇ।
ਛੁੱਟੀ ਤੋਂ ਪਹਿਲਾਂ ਹੀ ਬੱਚੇ ਨੂੰ ਲੈ ਗਈ ਮਾਂ
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਕੂਲ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਇਸ ਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਪਿੰਡ ਵਾਸੀਆਂ ਅਨੁਸਾਰ ਕੱਲ੍ਹ ਸਵੇਰੇ ਕਰੀਬ 10:30 ਵਜੇ (ਸਕੂਲ ਦੀ ਛੁੱਟੀ ਹੋਣ ਤੋਂ ਪਹਿਲਾਂ ਹੀ) ਬੱਚੇ ਦੀ ਮਾਂ ਕੁੱਝ ਵਿਅਕਤੀਆਂ ਨਾਲ ਸਕੂਲ ਆਈ ਅਤੇ ਬੱਚੇ ਨੂੰ ਆਪਣੇ ਨਾਲ ਲੈ ਗਈ। ਪਰਿਵਾਰ ਦਾ ਸਿੱਧਾ ਆਰੋਪ ਹੈ ਕਿ ਸਕੂਲ ਮੈਨੇਜਮੈਂਟ ਅਤੇ ਸਟਾਫ਼ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਬਾਹਰੀ ਵਿਅਕਤੀ ਸਕੂਲ ਦੇ ਅੰਦਰੋਂ ਬੱਚੇ ਨੂੰ ਇਸ ਤਰ੍ਹਾਂ ਨਹੀਂ ਲੈ ਕੇ ਜਾ ਸਕਦਾ।
ਪੁਲੀਸ ਪ੍ਰਸ਼ਾਸਨ ’ਤੇ ਵੀ ਲਾਏ ਅਸਹਿਯੋਗ ਦੇ ਦੋਸ਼
ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਜਦੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਤਾਂ ਸਥਾਨਕ ਪੁਲੀਸ ਵੱਲੋਂ ਕੋਈ ਠੋਸ ਸਹਿਯੋਗ ਨਹੀਂ ਮਿਲਿਆ। ਇੱਥੋਂ ਤੱਕ ਕਿ ਜਿਸ ਗੱਡੀ ਵਿੱਚ ਬੱਚੇ ਨੂੰ ਲਿਜਾਇਆ ਗਿਆ ਸੀ, ਉਸ ਨੂੰ ਵੀ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਸਰਪੰਚ ਦੀ ਮਦਦ ਨਾਲ ਖ਼ੁਦ ਹੀ ਟਰੇਸ ਕਰਕੇ ਬਰਾਮਦ ਕੀਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲੀਸ ਉਲਟਾ ਉਨ੍ਹਾਂ ’ਤੇ ਹੀ ਸਵਾਲ ਖੜ੍ਹੇ ਕਰ ਰਹੀ ਹੈ।
ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਧਰਨਾ
ਧਰਨੇ ’ਤੇ ਬੈਠੇ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਬੱਚਾ ਵਾਪਸ ਨਹੀਂ ਮਿਲ ਜਾਂਦਾ, ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ, ਤਾਂ ਉਹ ਸਿੱਧਾ ਪੁਲੀਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਵੱਡੇ ਪੱਧਰ ’ਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਨਗੇ।
ਪਰਿਵਾਰ ਨੇ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਦਿਖਾਇਆ: ਐੱਸ.ਐੱਚ.ਓ.
ਦੂਜੇ ਪਾਸੇ ਥਾਣਾ ਸਲੇਮ ਟਾਬਰੀ ਦੇ ਐੱਸ.ਐੱਚ.ਓ. ਨੇ ਦੱਸਿਆ ਕਿ ਮਾਮਲਾ ਪੁਲੀਸ ਦੇ ਧਿਆਨ ਵਿੱਚ ਹੈ। ਪਰਿਵਾਰ ਵੱਲੋਂ ਅਜੇ ਤੱਕ ਕੋਈ ਕਾਨੂੰਨੀ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ ਹੈ। ਬੱਚੇ ਨੂੰ ਉਸ ਦੀ ਮਾਂ ਹੀ ਲੈ ਕੇ ਗਈ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਅਦਾਲਤ ਵਿੱਚ ਵੀ ਵਿਚਾਰਧੀਨ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article