Tuesday, August 4, 2026
spot_img

ਮੰਦਿਰਾਂ ਤੇ ਧਾਰਮਿਕ ਸਥਾਨਾਂ ’ਤੇ ਬਾਹਰ ਵਿੱਕਣ ਵਾਲਾ ਦੇਸੀ ਘਿਓ ਕੀਤੇ ਨਕਲੀ ਤਾਂ ਨਹੀਂ, ਫੂਡ ਸੇਫਟੀ ਟੀਮ ਨੇ ਲੁਧਿਆਣਾ ਵਿੱਚ 3000 ਲੀਟਰ ਸ਼ੱਕੀ ਦੇਸੀ ਘਿਓ ਕੀਤਾ ਬਰਾਮਦ

Must read

ਲੁਧਿਆਣਾ, 4 ਅਗਸਤ
ਮੰਦਿਰਾਂ, ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ਦੇ ਬਾਹਰ ਸਸਤੇ ਭਾਅ ਤੇ ਬਿਨਾਂ ਬਰੈਂਡ ਵਾਲਾ ਵਿੱਕਣ ਵਾਲਾ ਦੇਸੀ ਘਿਉ ਕੀਤੇ ਨਕਲੀ ਤਾਂ ਨਹੀਂ, ਇਸੇ ਸ਼ੱਕ ਦੇ ਤਹਿਤ ਅੱਜ ਲੁਧਿਆਣਾ ਵਿੱਚ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਇੱਕ ਗੋਦਾਮ ਵਿੱਚ ਛਾਪੇਮਾਰੀ ਕਰ 3000 ਲੀਟਰ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ। ਦੀਪ ਨਗਰ ਰਿਹਾਇਸ਼ੀ ਇਲਾਕੇ ਦੇ ਗੋਦਾਮ ਵਿੱਚ ਛਾਪੇਮਾਰੀ ਦੌਰਾਨ ਬਰਾਮਦ ਕੀਤੇ ਗਏ ਘਿਉ ਦੇ ਨਮੂਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਨਿਰਧਾਰਤ ਪ੍ਰਕਿਰਿਆ ਅਨੁਸਾਰ ਲੈ ਕੇ ਜਾਂਚ ਲਈ ਸਰਕਾਰੀ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਭੇਜੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ (ਫੂਡ ਸੇਫਟੀ) ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਘਿਉ ਗੁਜਰਾਤ ਤੋਂ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਖਰੀਦ ਕੀਮਤ ਲਗਭਗ ₹400 ਪ੍ਰਤੀ ਲੀਟਰ ਜਦਕਿ ਪੈਕਿੰਗ ’ਤੇ ਦਰਜ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐਮ.ਆਰ.ਪੀ.) ₹700 ਪ੍ਰਤੀ ਲੀਟਰ ਸੀ। ਵਿਭਾਗ ਵੱਲੋਂ ਖਰੀਦ-ਫਰੋਖ਼ਤ ਨਾਲ ਸਬੰਧਤ ਬਿੱਲਾਂ, ਟਰਾਂਸਪੋਰਟ ਦਸਤਾਵੇਜ਼ਾਂ, ਲੇਬਲਿੰਗ ਅਤੇ ਹੋਰ ਲੋੜੀਂਦੇ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਡਾ. ਚਾਵਲਾ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਹਰ ਫੂਡ ਬਿਜ਼ਨਸ ਆਪਰੇਟਰ ਲਈ ਵੈਧ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਰੱਖਣਾ, ਖੁਰਾਕ ਪਦਾਰਥਾਂ ਦੀ ਸਫ਼ਾਈ ਅਤੇ ਸੁਰੱਖਿਅਤ ਢੰਗ ਨਾਲ ਸਟੋਰੇਜ ਕਰਨਾ, ਸਹੀ ਲੇਬਲਿੰਗ ਕਰਨਾ, ਲੋੜੀਂਦੇ ਰਿਕਾਰਡ ਸੰਭਾਲ ਕੇ ਰੱਖਣਾ ਅਤੇ ਨਿਰਧਾਰਤ ਮਿਆਰਾਂ ਅਨੁਸਾਰ ਹੀ ਖੁਰਾਕ ਪਦਾਰਥਾਂ ਦਾ ਨਿਰਮਾਣ, ਭੰਡਾਰਨ ਅਤੇ ਵਿਕਰੀ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਖੁਰਾਕ ਪਦਾਰਥ ਦੀ ਗੁਣਵੱਤਾ ਜਾਂ ਸੁਰੱਖਿਆ ਬਾਰੇ ਅੰਤਿਮ ਨਤੀਜਾ ਕੇਵਲ ਪ੍ਰਯੋਗਸ਼ਾਲਾ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਹੀ ਕੱਢਿਆ ਜਾ ਸਕਦਾ ਹੈ। ਇਸ ਲਈ ਜ਼ਬਤ ਕੀਤੇ ਗਏ ਘਿਉ ਦੀ ਜਾਂਚ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ, ਜੇਕਰ ਕਿਸੇ ਤਰ੍ਹਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ ਜ਼ਿਲ੍ਹੇ ਭਰ ਵਿੱਚ ਖੁਰਾਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਪਣੀਆਂ ਜਾਂਚਾਂ ਅਤੇ ਵਿਸ਼ੇਸ਼ ਮੁਹਿੰਮਾਂ ਲਗਾਤਾਰ ਜਾਰੀ ਰੱਖੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਲਾਇਸੈਂਸਸ਼ੁਦਾ ਦੁਕਾਨਾਂ ਜਾਂ ਅਦਾਰਿਆਂ ਤੋਂ ਹੀ ਖੁਰਾਕ ਪਦਾਰਥ ਖਰੀਦਣ, ਉਤਪਾਦ ਦੀ ਲੇਬਲਿੰਗ, ਨਿਰਮਾਣ ਅਤੇ ਮਿਆਦ ਦੀ ਮਿਤੀ ਅਤੇ ਲਾਇਸੈਂਸ ਨੰਬਰ ਦੀ ਜਾਂਚ ਜ਼ਰੂਰ ਕਰਨ। ਕਿਸੇ ਵੀ ਸ਼ੱਕੀ ਖੁਰਾਕ ਪਦਾਰਥ ਜਾਂ ਖੁਰਾਕ ਸੁਰੱਖਿਆ ਨਾਲ ਸਬੰਧਤ ਸ਼ਿਕਾਇਤ ਦੀ ਸੂਚਨਾ ਤੁਰੰਤ ਫੂਡ ਸੇਫਟੀ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article