ਲੁਧਿਆਣਾ, 14 ਜੁਲਾਈ
ਮਹਾਨਗਰ ਦੇ ਜਲੰਧਰ ਬਾਈਪਾਸ ਚੌਕ ਸਥਿਤ ਪਾਰਕ ਵਿੱਚ ਸਥਾਪਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਦੀ ਸੁਰੱਖਿਆ ਕੰਧ ਨੂੰ ਨਿਸ਼ਾਨਾ ਬਣਾਉਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸ਼ਰਾਰਤੀ ਅਨਸਰਾਂ ਵੱਲੋਂ ਪ੍ਰਤਿਮਾ ਦੀ ਸੁਰੱਖਿਆ ਲਈ ਚਾਰ-ਚੁਫ਼ੇਰੇ ਬਣਾਈ ਗਈ ਸ਼ੀਸ਼ੇ ਦੀ ਬਾਊਂਡਰੀ (ਘੇਰੇ) ਦੀ ਭੰਨਤੋੜ ਕੀਤੀ ਗਈ। ਵਾਰਦਾਤ ਵਾਲੀ ਜਗ੍ਹਾ ਤੋਂ ਪੁਲਿਸ ਨੂੰ ਇੱਕ ਵੱਡਾ ਪੱਥਰ ਬਰਾਮਦ ਹੋਇਆ ਹੈ, ਜਿਸ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸੇ ਪੱਥਰ ਨਾਲ ਵਾਰ ਕਰਕੇ ਸ਼ੀਸ਼ੇ ਨੂੰ ਤੋੜਿਆ ਗਿਆ ਹੈ। ਘਟਨਾ ਦੀ ਭਣਕ ਲੱਗਦਿਆਂ ਹੀ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਮੌਕੇ ’ਤੇ ਇਕੱਠੇ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਾਹੌਲ ਗਰਮਾ ਦਿੱਤਾ।
ਬਸਪਾ ਦੇ ਜਨਰਲ ਸਕੱਤਰ ਸੋਨੂੰ ਅੰਬੇਡਕਰ ਨੇ ਦਾਅਵਾ ਕੀਤਾ ਕਿ ਸੁਰੱਖਿਆ ਘੇਰੇ ਵਿੱਚ ਲਗਾਇਆ ਗਿਆ ਸ਼ੀਸ਼ਾ ਬਹੁਤ ਜ਼ਿਆਦਾ ਮਜ਼ਬੂਤ ਅਤੇ ਮੋਟਾ ਸੀ, ਜੋ ਕਿਸੇ ਇੱਕ ਵਾਰ ਨਾਲ ਨਹੀਂ ਟੁੱਟ ਸਕਦਾ। ਮੌਕੇ ਦੇ ਹਾਲਾਤ ਬਿਆਨ ਕਰਦੇ ਹਨ ਕਿ ਇਸ ਨੂੰ ਇੱਕ ਡੂੰਘੀ ਸਾਜ਼ਿਸ਼ ਤਹਿਤ ਘੱਟੋ-ਘੱਟ ਦਸ ਵਾਰ ਭਾਰੀ ਪੱਥਰ ਮਾਰ ਕੇ ਤੋੜਿਆ ਗਿਆ ਹੈ। ਰੋਸ ਵਜੋਂ ਇਕੱਠੇ ਹੋਏ ਆਗੂਆਂ ਨੇ ਸਰਕਾਰ ’ਤੇ ਸਖ਼ਤ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਅੰਦਰ ਬਾਬਾ ਸਾਹਿਬ ਦੀਆਂ ਪ੍ਰਤਿਮਾਂ ਨਾਲ ਅਭੱਦਰ ਵਿਵਹਾਰ ਅਤੇ ਤੋੜ-ਫੋੜ ਦੀ ਇਹ 10ਵੀਂ ਘਟਨਾ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਥੇਬੰਦੀ ਨੇ ਪ੍ਰਸ਼ਾਸਨਿਕ ਅਮਲੇ ਨੂੰ ਦੋਟੂਕ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਗਲੇ ਦੋ ਘੰਟਿਆਂ ਦੇ ਅੰਦਰ-ਅੰਦਰ ਸੀ.ਸੀ.ਟੀਵੀ ਫ਼ੁਟੇਜ ਖੰਗਾਲ ਕੇ ਦੋਸ਼ੀਆਂ ਨੂੰ ਬੇਨਕਾਬ ਅਤੇ ਗ੍ਰਿਫ਼ਤਾਰ ਨਾ ਕੀਤਾ ਗਿਆ, ਤਾਂ ਉਹ ਨੈਸ਼ਨਲ ਹਾਈਵੇਅ (ਕੌਮੀ ਮਾਰਗ) ਨੂੰ ਪੂਰੀ ਤਰ੍ਹਾਂ ਠੱਪ ਕਰ ਦੇਣਗੇ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪ੍ਰਤਿਮਾ ਵਾਲੀ ਜਗ੍ਹਾਂ ’ਤੇ 24 ਘੰਟੇ ਹੋਮਗਾਰਡ ਦੇ ਜਵਾਨਾਂ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ ਅਤੇ ਉੱਚ ਸਮਰੱਥਾ ਵਾਲੇ ਨਵੇਂ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ।
ਦੂਜੇ ਪਾਸੇ, ਘਟਨਾਕ੍ਰਮ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਤੁਰੰਤ ਹਰਕਤ ਵਿੱਚ ਆ ਗਈ। ਥਾਣਾ ਮੁਖੀ ਨੇ ਦੱਸਿਆ ਕਿ ਇਹ ਮਾਮਲਾ ਪੂਰੀ ਤਰ੍ਹਾਂ ਉਨ੍ਹਾਂ ਦੇ ਸੰਗਿਆਨ ਵਿੱਚ ਹੈ ਅਤੇ ਲਿਖਤੀ ਸ਼ਿਕਾਇਤ ਮਿਲਦਿਆਂ ਹੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਘਟਨਾ ਸਥਾਨ ਅਤੇ ਆਲੇ-ਦੁਆਲੇ ਦੇ ਰਸਤਿਆਂ ’ਤੇ ਲੱਗੇ ‘ਸੇਫ਼ ਸਿਟੀ’ ਪ੍ਰੋਜੈਕਟ ਦੇ ਕੈਮਰਿਆਂ ਦੀ ਫ਼ੁਟੇਜ ਨੂੰ ਬਾਰੀਕੀ ਨਾਲ ਦੇਖਿਆ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੂੰਘੀ ਤਫ਼ਤੀਸ਼ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਇਹ ਸ਼ੀਸ਼ਾ ਕਿਸੇ ਹਾਦਸੇ ਕਾਰਨ ਟੁੱਟਿਆ ਹੈ ਜਾਂ ਫਿਰ ਕਿਸੇ ਸ਼ਰਾਰਤੀ ਅੰਸਰ ਨੇ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਲਈ ਇਹ ਸਾਜ਼ਿਸ਼ ਰਚੀ ਹੈ। ਫਿਲਹਾਲ ਪੂਰੇ ਇਲਾਕੇ ਵਿੱਚ ਭਾਰੀ ਪੁਲੀਸ ਬਲ ਮੁਸਤੈਦ ਹੈ ਅਤੇ ਸਥਿਤੀ ਕਾਬੂ ਹੇਠ ਹੈ।
ਲੁਧਿਆਣਾ ਦੇ ਜਲੰਧਰ ਬਾਈਪਾਸ ’ਤੇ ਡਾ. ਅੰਬੇਡਕਰ ਦੀ ਮੂਰਤੀ ਦੀ ਸੁਰੱਖਿਆ ਕੰਧ ਤੋੜੀ, ਸ਼ੀਸ਼ੇ ਭੰਨ੍ਹੇ




