ਲੁਧਿਆਣਾ, 21 ਜੁਲਾਈ
ਅਮਰੀਕਾ ਅਤੇ ਭਾਰਤ ਵਿਚਾਲੇ ਹੋ ਰਹੇ ਵਪਾਰ ਸਮਝੌਤੇ (ਟਰੇਡ ਡੀਲ) ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਚਾਲੇ ਪਾ ਦਿੱਤੇ ਗਏ ਹਨ। ਕਿਸਾਨ ਮੰਗਲਵਾਰ ਸਵੇਰੇ ਹੀ ਦਿੱਲੀ ਦੇ ਕਿਸਾਨ ਘਾਟ ਜਾਣ ਲਈ ਪਟਿਆਲਾ-ਅੰਬਾਲਾ ਮਾਰਗ ’ਤੇ ਪੈਂਦੇ ਸ਼ੰਭੂ ਬਾਰਡਰ ਅਤੇ ਸੰਗਰੂਰ-ਜੀਂਦ ਮਾਰਗ ’ਤੇ ਸਥਿਤ ਖਨੌਰੀ ਬਾਰਡਰ ’ਤੇ ਪਹੁੰਚ ਗਏ। ਇਸ ਦੀ ਭਣਕ ਲੱਗਦਿਆਂ ਹੀ ਹਰਿਆਣਾ ਪੁਲੀਸ ਨੇ ਦੋਵਾਂ ਸਰਹੱਦਾਂ ’ਤੇ ਮਜ਼ਬੂਤ ਬੈਰੀਕੇਡਿੰਗ ਕਰਕੇ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਹਨ।
ਹਰਿਆਣਾ ਪਾਸੇ ਦੋਵਾਂ ਬਾਰਡਰਾਂ ’ਤੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਨਾਲ ਹੀ ਜੇਸੀਬੀ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਅਸਥਾਈ ਜਾਂ ਸਥਾਈ ਢਾਂਚਾ ਉਸਾਰਨ ਤੋਂ ਰੋਕਿਆ ਜਾ ਸਕੇ। ਪੁਲੀਸ ਦੀ ਇਸ ਸਖ਼ਤੀ ਨੂੰ ਦੇਖਦਿਆਂ ਪੰਜਾਬ ਦੇ ਕਿਸਾਨ ਉੱਥੇ ਹੀ ਸੜਕਾਂ ’ਤੇ ਡੇਰੇ ਲਾ ਕੇ ਬੈਠ ਗਏ ਹਨ ਅਤੇ ਪੱਕਾ ਮੋਰਚਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਮਜ਼ਦੂਰ ਮੋਰਚਾ (ਕੇ.ਐੱਮ.ਐੱਮ.) ਦੇ ਸੰਯੋਜਕ ਸਰਵਣ ਸਿੰਘ ਪੰਧੇਰ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਹਨ।
ਅੰਬਾਲਾ ’ਚ ਧਾਰਾ 163 ਲਾਗੂ, ਟਰੈਫਿਕ ਰੂਟ ਬਦਲੇ
ਕਿਸਾਨਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਅੰਬਾਲਾ ਪੁਲੀਸ ਨੇ ਇਲਾਕੇ ਵਿੱਚ ਧਾਰਾ 163 ਲਾਗੂ ਕਰ ਦਿੱਤੀ ਹੈ ਅਤੇ ਕਿਸਾਨਾਂ ਨੂੰ ਬੈਰੀਕੇਡਾਂ ਤੋਂ 100 ਮੀਟਰ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਸ਼ੰਭੂ ਬਾਰਡਰ ਬੰਦ ਹੋਣ ਕਾਰਨ ਜਲੰਧਰ-ਦਿੱਲੀ ਰਾਸ਼ਟਰੀ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ, ਜਿਸ ਨੂੰ ਦੇਖਦਿਆਂ ਹਰਿਆਣਾ ਪੁਲੀਸ ਵੱਲੋਂ ਟ੍ਰੈਫਿਕ ਦਾ ਰੂਟ ਬਦਲ ਦਿੱਤਾ ਗਿਆ ਹੈ। ਪੁਲੀਸ ਨੇ ਆਮ ਜਨਤਾ ਨੂੰ ਕਿਸੇ ਵੀ ਹੰਗਾਮੀ ਸਥਿਤੀ ਵਿੱਚ 112 ’ਤੇ ਸੰਪਰਕ ਕਰਨ ਲਈ ਕਿਹਾ ਹੈ।
ਖੇਤੀਬਾੜੀ ਮੰਤਰੀ ਨਾਲ ਬੈਠਕ, ਰਿਹਾਈ ਤੋਂ ਬਾਅਦ ਉਲੀਕੀ ਜਾਵੇਗੀ ਅਗਲੀ ਰਣਨੀਤੀ
ਇਸੇ ਦੌਰਾਨ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨਾਲ ਕਿਸਾਨ ਆਗੂਆਂ ਦੀ ਇੱਕ ਅਹਿਮ ਬੈਠਕ ਹੋਈ। ਬੈਠਕ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਰਾਣਾ ਨੇ ਵਿਸ਼ਵਾਸ ਦਿਵਾਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਜਲਦ ਹੀ ਰਿਹਾਅ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਅਗਲੇ 8-10 ਦਿਨਾਂ ਵਿੱਚ ਕਿਸਾਨਾਂ ਦੀ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਜਾਵੇਗੀ। ਪੰਧੇਰ ਨੇ ਸਪੱਸ਼ਟ ਕੀਤਾ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜ੍ਹੂਨੀ ਦੀ ਰਿਹਾਈ ਤੋਂ ਬਾਅਦ ਹੀ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ, ਜਿਸ ਦੌਰਾਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਮੁੱਦੇ ’ਤੇ ਵੀ ਗੰਭੀਰ ਚਰਚਾ ਹੋਵੇਗੀ।
ਫਿਰ ਪੈ ਗਿਆ ਪੰਗਾ, ਸ਼ੰਭੂ ਤੇ ਖਨੌਰੀ ਬਾਰਡਰ ਸੀਲ, ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਕੂਚ




