Wednesday, August 19, 2026
spot_img

ਪੜ੍ਹੋ, ਕਿਨ੍ਹਾਂ ਨੇ ਘੰਟਾ ਘਰ ਵਿੱਚ ਸਰੇਆਮ ਗੋਲੀ ਚਲਾ ਮਾਰਿਆ ਸੀ ਫੋਟੋਗ੍ਰਾਫਰ

Must read

24 ਘੰਟਿਆਂ ’ਚ ਕਤਲ ਦੀ ਗੁੱਥੀ ਸੁਲਝੀ: 1.5 ਕਿੱਲੋ ਹੈਰੋਇਨ ਤੇ ਅਸਲੇ ਸਮੇਤ 3 ਕਾਬੂ; ਮੁੱਖ ਸ਼ੂਟਰ ਦੀ ਭਾਲ ’ਚ ਛਾਪੇਮਾਰੀ
ਸਟਾਫ਼ ਰਿਪੋਰਟਰ
ਲੁਧਿਆਣਾ, 19 ਅਗਸਤ
ਘੰਟਾਘਰ ਚੌਂਕ ਨੇੜੇ ਜਨਮਦਿਨ ਦੀ ਪਾਰਟੀ ਤੋਂ ਪਰਤ ਰਹੇ ਰਮਿੰਦਰ ਸਿੰਘ ਸੋਨੂੰ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਪੁਲੀਸ ਕਮਿਸ਼ਨਰੇਟ ਨੇ ਮਹਿਜ਼ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਨੇ ਹਾਲ ਦੀ ਘੜੀ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਮੁੱਖ ਹਮਲਾਵਰ ਸਮੇਤ ਦੋ ਫ਼ਰਾਰ ਹਨ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਡੇਢ ਕਿੱਲੋ ਹੈਰੋਇਨ, ਨਾਜਾਇਜ਼ ਅਸਲਾ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਾਜਪੁਰ ਰੋਡ ਦੀ ਬਿਹਾਰੀ ਕਲੋਨੀ ਨਿਵਾਸੀ ਮਨੋਜ ਕੁਮਾਰ (ਜਿਸ ’ਤੇ ਪਹਿਲਾਂ ਵੀ ਚੋਰੀ ਦਾ ਕੇਸ ਦਰਜ ਹੈ ਅਤੇ ਜ਼ਮਾਨਤ ’ਤੇ ਬਾਹਰ ਸੀ), ਬਾਬਾ ਬੰਦਾ ਸਿੰਘ ਬਹਾਦਰ ਨਗਰ ਨੇੜਲੇ ਆਦਰਸ਼ ਨਗਰ ਨਿਵਾਸੀ ਰਿਸ਼ੀ ਕੁਮਾਰ ਉਰਫ਼ ਰਿਸ਼ੂ ਅਤੇ ਤਾਜਪੁਰ ਰੋਡ ਦੇ ਹਰਮਨਜੋਤ ਸਿੰਘ ਉਰਫ਼ ਹਰਮਨ ਵਜੋਂ ਹੋਈ ਹੈ, ਜਦਕਿ ਚੇਤਨ ਅਤੇ ਸਾਗਰ ਫ਼ਿਲਹਾਲ ਫ਼ਰਾਰ ਹਨ।
ਝਗੜਾ ਛਡਾਉਂਦਿਆਂ ਚਲਾਈ ਸੀ ਗੋਲੀ
ਵਧੀਕ ਪੁਲੀਸ ਕਮਿਸ਼ਨਰ ਰੂਪਿੰਦਰ ਸਿੰਘ ਨੇ ਦੱਸਿਆ ਕਿ 17 ਅਗਸਤ ਦੀ ਰਾਤ ਨੂੰ ਰਮਿੰਦਰ ਸਿੰਘ ਸੋਨੂੰ ਆਪਣੇ ਸਾਥੀਆਂ ਨਾਲ ਦੋਸਤ ਦੀ ਜਨਮਦਿਨ ਪਾਰਟੀ ਤੋਂ ਘਰ ਜਾ ਰਿਹਾ ਸੀ। ਰਸਤੇ ’ਚ ਲੋਕਲ ਬੱਸ ਸਟੈਂਡ ਨੇੜੇ ਰਮਿੰਦਰ ਦੇ ਸਾਥੀ ਦੀ ਮੁਲਜ਼ਮਾਂ ਨਾਲ ਬਹਿਸ ਹੋ ਗਈ। ਹਮਲਾਵਰਾਂ ’ਚ ਚੇਤਨ, ਨਿਹਾਲ, ਨੀਰਜ, ਸਾਗਰ, ਹਰਮਨ, ਰਿਸ਼ੀ, ਮਨੋਜ ਸਾਹਨੀ, ਦੀਪ ਮਨੀ ਅਤੇ ਉਨ੍ਹਾਂ ਦੇ ਕੁਝ ਹੋਰ ਸਾਥੀ ਸ਼ਾਮਲ ਸਨ। ਰਮਿੰਦਰ ਨੇ ਵਿਚ-ਬਚਾਅ ਕਰਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਵਾਦ ਏਨਾ ਵਧ ਗਿਆ ਕਿ ਮੁਲਜ਼ਮ ਚੇਤਨ ਨੇ ਨਾਜਾਇਜ਼ ਪਿਸਤੌਲ ਕੱਢ ਕੇ ਸਿੱਧੀ ਫ਼ਾਈਰਿੰਗ ਕਰ ਦਿੱਤੀ। ਗੋਲੀ ਰਮਿੰਦਰ ਦੀ ਧੌਣ ’ਚ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਖ਼ੂਨੀ ਵਾਰਦਾਤ ਤੋਂ ਬਾਅਦ ਹਮਲਾਵਰ ਬੋਲੇਰੋ, ਵੈਨਿਊ ਅਤੇ ਕ੍ਰੇਟਾ ਗੱਡੀਆਂ ’ਚ ਸਵਾਰ ਹੋ ਕੇ ਫ਼ਰਾਰ ਹੋ ਗਏ।

ਗੁਪਤ ਟਿਕਾਣੇ ਤੋਂ ਨਸ਼ਾ ਤੇ ਹਥਿਆਰ ਬਰਾਮਦ
ਪੁਲੀਸ ਟੀਮਾਂ ਨੇ ਤਕਨੀਕੀ ਜਾਂਚ ਅਤੇ ਮੁਖ਼ਬਰੀ ਦੇ ਆਧਾਰ ’ਤੇ 18 ਅਗਸਤ ਨੂੰ ਘੇਰਾਬੰਦੀ ਕਰਕੇ ਤਿੰਨਾਂ ਨੂੰ ਹਿਰਾਸਤ ’ਚ ਲਿਆ। ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮ ਮਨੋਜ ਕੁਮਾਰ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਤਾਜਪੁਰ ਰੋਡ ’ਤੇ ਅਸਲਾ ਅਤੇ ਨਸ਼ੇ ਦੀ ਖੇਪ ਲੁਕਾਉਣ ਲਈ ਇੱਕ ਕਮਰਾ ਕਿਰਾਏ ’ਤੇ ਲਿਆ ਹੋਇਆ ਸੀ। ਪੁਲੀਸ ਨੇ ਜਦੋਂ ਉੱਥੇ ਛਾਪੇਮਾਰੀ ਕੀਤੀ ਤਾਂ ਉੱਥੋਂ 1.5 ਕਿੱਲੋ ਹੈਰੋਇਨ, .32 ਬੋਰ ਤੇ .30 ਬੋਰ ਦੀਆਂ ਦੋ ਨਾਜਾਇਜ਼ ਪਿਸਤੌਲਾਂ, 6 ਜਿਊਂਦੇ ਰੌਂਦ ਅਤੇ ਨਸ਼ਾ ਤਸਕਰੀ ਤੋਂ ਕਮਾਈ ਭਾਰੀ ਨਕਦੀ ਬਰਾਮਦ ਹੋਈ। ਇਸ ਖ਼ੁਲਾਸੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਵਿੱਚ ਮਨੋਜ, ਸਾਗਰ ਅਤੇ ਚੇਤਨ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਇੱਕ ਹੋਰ ਮੁਕੱਦਮਾ ਦਰਜ ਕੀਤਾ ਗਿਆ ਹੈ।

ਬਾਕੀ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਜਾਰੀ
ਪੁਲੀਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਤਲ ’ਚ ਸ਼ਾਮਲ ਮੁੱਖ ਸ਼ੂਟਰ ਚੇਤਨ ਅਤੇ ਉਸ ਦੇ ਸਾਥੀ ਸਾਗਰ ਦੀ ਪਛਾਣ ਹੋ ਚੁੱਕੀ ਹੈ। ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਦਿਨ-ਰਾਤ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬਾਕੀ ਦੋਸ਼ੀਆਂ ਨੂੰ ਵੀ ਸਲਾਖਾਂ ਪਿੱਛੇ ਧੱਕਿਆ ਜਾਵੇਗਾ। ਮਹਾਨਗਰ ’ਚ ਗੁੰਡਾਗਰਦੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article