ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਫਿਰ ਬਦਲ ਗਿਆ ਹੈ। ਸਵੇਰ ਤੋਂ ਹੀ ਮੋਹਾਲੀ ਅਤੇ ਚੰਡੀਗੜ੍ਹ ਵਿਚ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਨੇ ਅੱਜ 7 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। 30 ਮਾਰਚ ਤੱਕ ਪੂਰੇ ਸੂਬੇ ਅਤੇ ਚੰਡੀਗੜ੍ਹ ਵਿੱਚ ਮੌਸਮ ਖਰਾਬ ਰਹੇਗਾ, ਜਿਸ ਦੌਰਾਨ ਤੇਜ਼ ਹਨੇਰੀ ਵੀ ਚੱਲੇਗੀ।
ਹਵਾਵਾਂ ਦੀ ਰਫਤਾਰ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਪਿਛਲੇ 24 ਘੰਟਿਆਂ ਵਿਚ ਸੂਬੇ ਦਾ ਔਸਤ ਤਾਪਮਾਨ 0.5 ਡਿਗਰੀ ਵਧਿਆ ਹੈ, ਜਿਸ ਨਾਲ ਇਹ ਆਮ ਨਾਲੋਂ 3.2 ਡਿਗਰੀ ਵੱਧ ਹੈ। ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 34 ਡਿਗਰੀ ਅਤੇ ਚੰਡੀਗੜ੍ਹ ਵਿੱਚ 32.4 ਡਿਗਰੀ ਦਰਜ ਕੀਤਾ ਗਿਆ। ਇਸ ਕਾਰਨ ਦਿਨ ਵੇਲੇ ਗਰਮੀ ਕਾਫ਼ੀ ਵੱਧ ਗਈ ਹੈ।
ਮੌਸਮ ਵਿਭਾਗ ਨੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਇਸਦਾ ਮਤਲਬ ਹੈ ਕਿ ਹਰ ਜਗ੍ਹਾ ਮੀਂਹ ਨਹੀਂ ਪਵੇਗਾ, ਪਰ ਕੁਝ ਇਲਾਕਿਆਂ ਵਿੱਚ ਹਲਕੀ ਜਾਂ ਭਾਰੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਕੱਲ੍ਹ ਚੇਤਾਵਨੀ ਦਿੱਤੀ ਗਈ ਸੀ, ਪਰ ਕਿਤੇ ਵੀ ਮੀਂਹ ਨਹੀਂ ਪਿਆ। ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਮੌਸਮ ਥੋੜ੍ਹਾ ਠੰਡਾ ਮਹਿਸੂਸ ਹੋ ਰਿਹਾ ਹੈ।




