ਕੇਂਦਰ 1 ਫਰਵਰੀ ਨੂੰ ਆਮ ਬਜਟ ਪੇਸ਼ ਕਰ ਸਕਦੀ ਹੈ। ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਹੋਈ। ਬੈਠਕ ਵਿਚ ਸੰਸਦ ਦੇ ਆਗਾਮੀ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਪ੍ਰਸਤਾਵ ਰੱਖਿਆ ਗਿਆ। ਸਿਆਸੀ ਮਾਮਲਿਆਂ ‘ਤੇ ਕੈਬਨਿਟ ਕਮੇਟੀ ਨੇ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ 28 ਜਨਵਰੀ ਤੋਂ ਕਰਨ ਤੇ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਤਰੀਕਾਂ ‘ਤੇ ਆਖਰੀ ਫੈਸਲਾ ਲਿਆ ਜਾਣਾ ਬਾਕੀ ਹੈ ਤੇ ਜਲਦ ਹੀ ਇਸ ਦਾ ਐਲਾਨ ਹੋ ਸਕਦਾ ਹੈ।
ਬਜਟ ਸੈਸ਼ਨ ਦੋ ਹਿੱਸਿਆਂ ਵਿਚ ਆਯੋਜਿਤ ਕੀਤਾ ਜਾਂਦਾ ਹੈ। ਪਹਿਲੇ ਤੇ ਦੂਜੇ ਹਿੱਸੇ ਦੇ ਵਿਚ ਛੁੱਟੀ ਰੱਖੀ ਜਾਂਦੀ ਹੈ ਤਾਂ ਕਿ ਸੰਸਦੀ ਸਥਾਈ ਕਮੇਟੀਆਂ ਵੱਖ-ਵੱਖ ਮੰਤਰਾਲਿਆਂ ਦੀ ਮੰਗਾਂ ਦੀ ਜਾਂਚ ਕਰ ਸਕੇ। ਸੂਤਰਾਂ ਨੇ ਦੱਸਿਆ ਕਿ ਬੈਠਕ ਵਿਚ ਬਜਟ ਸੈਸ਼ਨ ਦੀ ਸ਼ੁਰੂਆਤ ਲਈ 28 ਜਨਵਰੀ ਤੇ 31 ਜਨਵਰੀ ਦੋ ਸੰਭਾਵਿਤ ਤਰੀਕਾਂ ‘ਤੇ ਚਰਚਾ ਹੋਈ, ਜਿਨ੍ਹਾਂ ਵਿਚੋਂ ਕਿਸੇ ਇਕ ‘ਤੇ ਆਖਰੀ ਫੈਸਲਾ ਜਲਦ ਲਿਆ ਜਾਵੇਗਾ। ਆਮ ਤੌਰ ‘ਤੇ ਬਜਟ ਦਾ ਸੈਸ਼ਨ ਜਨਵਰੀ ਤੇ ਆਖਰੀ ਹਫਤੇ ਵਿਚ ਹੀ ਸ਼ੁਰੂ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ 29 ਜਨਵਰੀ ਨੂੰ ਆਰਥਿਕ ਸਰਵੇਖਣ ਨੂੰ ਸਦਨ ਵਿਚ ਰੱਖਿਆ ਜਾਵੇਗਾ। ਇਸ ਦੇ ਅਗਲੇ ਪੜਾਅ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ।





