Tuesday, May 5, 2026
spot_img

2027 ‘ਚ ਪੰਜਾਬ ਵਿੱਚ ਪੱਛਮੀ ਬੰਗਾਲ ਵਰਗੇ ਨਤੀਜੇ ਆਉਣਗੇ : ਸੁਨੀਲ ਜਾਖੜ

Must read

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੱਛਮੀ ਬੰਗਾਲ ਵਿਚ ਪ੍ਰਚੰਡ ਬਹੁਮਤ ਨਾਲ ਪਹਿਲੀ ਵਾਰ ਅਤੇ ਅਸਮ ਤੇ ਪੁੱਡੁਚੇਰੀ ਵਿਚ ਮੁੜ ਭਾਜਪਾ ਦੀ ਸਰਕਾਰ ਬਣਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਅਤੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਨੂੰ ਦਿੰਦਿਆਂ ਆਖਿਆ ਹੈ ਕਿ ਪੱਛਮੀ ਬੰਗਾਲ ਵਰਗੇ ਨਤੀਜੇ ਹੀ 2027 ਵਿਚ ਪੰਜਾਬ ਵਿਚ ਆਉਣਗੇ।

ਵੱਖ ਵੱਖ ਸੂਬਿਆਂ ਵਿਚ ਪਾਰਟੀ ਨੂੰ ਮਿਲੀ ਜਿੱਤ ਦੇ ਜਸਨ ਮਨਾਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਬੰਗਾਲ ਦੇ ਪਾਰਟੀ ਵਰਕਰਾਂ ਦੀ ਸਲਾਘਾ ਕਰਦਿਆਂ ਉਨ੍ਹਾਂ ਦੇ ਸਬਰ ਨੂੰ ਵੀ ਸਿਜਦਾ ਕੀਤਾ ਜਿੰਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਜੁਲਮ ਦਾ ਡੱਟ ਕੇ ਟਾਕਰਾ ਕੀਤਾ ਅਤੇ ਸਭ ਦਾ ਸਾਥ ਸਭ ਦਾ ਵਿਕਾਸ ਕਰਨ ਵਾਲੀ ਪਾਰਟੀ ਦੀ ਸਰਕਾਰ ਬਣਾਈ।

ਉਨ੍ਹਾਂ ਨੇ ਕਿਹਾ ਕਿ ਬੰਗਾਲ ਪਾਰਟੀ ਲਈ ਇਕ ਚੁਣੌਤੀ ਸੀ ਅਤੇ ਪਾਰਟੀ ਦੀ ਸਮੱਰਥ ਲੀਡਰਸ਼ਿਪ ਤੇ ਬੰਗਾਲ ਦੇ ਲੋਕਾਂ ਨੇ ਇਸ ਚੁਣੌਤੀ ਨੂੰ ਸਰ ਕੀਤਾ ਹੈ ਅਤੇ ਹੁਣ ਇਸੇ ਜੋਸ ਨਾਲ ਪਾਰਟੀ ਪੰਜਾਬ ਵਿਚ ਅਗਲੀਆਂ ਚੋਣਾਂ ਦੀਆਂ ਤਿਆਰੀਆਂ ਵਿਚ ਲੱਗ ਗਈ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਬੰਗਾਲ ਦੇ ਨਤੀਜੇ ਪਾਰਟੀ ਵਰਕਰਾਂ ਵਿਚ ਇਕ ਨਵਾਂ ਉਤਸਾਹ ਭਰਣਗੇ ਅਤੇ ਉਨ੍ਹਾਂ ਵਿਚ ਉਮੀਦ ਜਾਗੀ ਹੈ ਕਿ ਜੇਕਰ ਬੰਗਾਲ ਵਿਚ ਭਾਜਪਾ ਆ ਸਕਦੀ ਹੈ ਤਾਂ ਪੰਜਾਬ ਵਿਚ ਵੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਬੰਗਾਲ ਵਿਚ ਅਮਨ ਕਾਨੂੰਨ ਦੀ ਮਾੜੀ ਹਾਲਤ ਸੀ ਅਤੇ ਸਿਆਸੀ ਅਧਾਰ ਤੇ ਜੁਲਮ ਹੋ ਰਹੇ ਸੀ, ਪੰਜਾਬ ਵਿਚ ਵੀ ਹਾਲਾਤ ਕੁਝ ਸੁਖਾਵੇਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਹਰ ਮੁਹਾਜ ਤੇ ਫੇਲ ਸਾਬਿਤ ਹੋਈ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਦ੍ਰਿੜ ਨਿਸਚੈ ਅਤੇ ਕਠੋਰ ਮਿਹਨਤ ਨਾਲ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਵਿਚ ਜੁਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਮਨ ਵਿਚ ਪੰਜਾਬ ਪ੍ਰਤੀ ਵਿਸੇਸ਼ ਲਗਾਓ ਹੈ ਅਤੇ ਪਾਰਟੀ ਘਰ ਘਰ ਤੱਕ ਆਪਣਾ ਸੁਨੇਹਾ ਲੈਕੇ ਪਹੁੰਚੇਗੀ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚੋਂ ਆਪ ਦਾ ਜਾਣਾ ਤੈਅ ਹੈ। ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਨੂੰ ਬੱਸ ਵਿਚ ਬਿਠਾ ਕੇ ਦਿੱਲੀ ਰਾਸ਼ਟਰਪਤੀ ਭਵਨ ਲੈਕੇ ਜਾਣ ਸਬੰਧੀ ਸਵਾਲ ਤੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਖਿਆਲ ਰੱਖਣ ਕਿਤੇ ਉਨ੍ਹਾਂ ਦੇ ਵਿਧਾਇਕਾਂ ਦੀ ਬੱਸ ਭਾਜਪਾ ਦਫ਼ਤਰ ਵੱਲ ਨਾ ਮੁੜ ਜਾਵੇ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦਾ ਨਾ ਕੇਵਲ ਪੰਜਾਬ ਵਿਚ ਸਗੋਂ ਦੇਸ਼ ਭਰ ਵਿਚ ਸਫਾਇਆ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਸੱਤਾਧਾਰੀ ਧਿਰ ਅੱਗੇ ਸੈਰੰਡਰ ਕਰ ਦਿੱਤਾ ਹੈ ਅਤੇ ਸੱਤਾਧਾਰੀ ਧਿਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਲਈ ਆਪਣੇ ਵਿਧਾਇਕਾਂ ਨੂੰ ਭ੍ਰਿਸ਼ਟ ਗਤੀਵਿਧੀਆਂ ਦੀ ਖੁੱਲ ਦੇ ਦਿੱਤੀ ਹੈ। ਅਜਿਹੇ ਹਾਲਾਤਾਂ ਵਿਚ ਪੰਜਾਬ ਲਈ ਆਉਣ ਵਾਲੇ ਕੁਝ ਮਹੀਨੇ ਮੁਸਕਿਲਾਂ ਭਰੇ ਹੋਣਗੇ ਪਰ ਭਾਜਪਾ ਪੰਜਾਬ ਤੇ ਪੰਜਾਬੀਆਂ ਦੇ ਹਰੇਕ ਹਿੱਤ ਦੀ ਰਾਖੀ ਲਈ ਦ੍ਰਿੜਤਾ ਨਾਲ ਖੜ੍ਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article