ਮਸਜਿਦ ਕਮੇਟੀ ਨੇ ਗਿਆਨਵਾਪੀ ਮਸਜਿਦ ਦੇ ਇੱਕ ਬੇਸਮੈਂਟ ਵਿੱਚ ਪੂਜਾ ਕਰਨ ਦੀ ਇਜਾਜ਼ਤ ਦੇਣ ਵਾਲੇ ਹੇਠਲੀ ਅਦਾਲਤ ਦੇ ਆਦੇਸ਼ ਦੇ ਖਿਲਾਫ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਮਸਜਿਦ ਕਮੇਟੀ ਦੀ ਤਰਫੋਂ ਵਕੀਲਾਂ ਦੀ ਟੀਮ ਨੇ ਤੜਕੇ 3 ਵਜੇ ਮਾਮਲਾ ਰਜਿਸਟਰਾਰ ਦੇ ਸਾਹਮਣੇ ਪੇਸ਼ ਕੀਤਾ ਅਤੇ ਜਲਦੀ ਸੁਣਵਾਈ ਦੀ ਮੰਗ ਕੀਤੀ। ਮੁਸਲਿਮ ਪੱਖ ਨੇ ਹੇਠਲੀ ਅਦਾਲਤ ਦੇ ਹੁਕਮਾਂ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਇਸ ਦੌਰਾਨ ਮੁਸਲਿਮ ਪੱਖ ਹੋਰ ਕਾਨੂੰਨੀ ਰਾਹਤ ਵਿਕਲਪਾਂ ਦੀ ਕੋਸ਼ਿਸ਼ ਕਰ ਸਕੇ। ਵਿਆਸ ਜੀ ਦਾ ਬੇਸਮੈਂਟ 1993 ਤੋਂ ਬੰਦ ਸੀ।
ਰਜਿਸਟਰਾਰ ਨੇ ਮੁਸਲਿਮ ਪੱਖ ਦੀ ਮੰਗ ਸਵੇਰੇ 4 ਵਜੇ ਚੀਫ਼ ਜਸਟਿਸ ਦੇ ਸਾਹਮਣੇ ਰੱਖੀ। ਅੱਜ ਸਵੇਰੇ ਦਸਤਾਵੇਜ਼ ਦੇਖਣ ਤੋਂ ਬਾਅਦ ਚੀਫ ਜਸਟਿਸ ਨੇ ਮੁਸਲਿਮ ਪੱਖ ਨੂੰ ਹਾਈ ਕੋਰਟ ਜਾਣ ਲਈ ਕਿਹਾ। ਚੀਫ਼ ਜਸਟਿਸ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਰਾਹਤ ਲੈਣ ਲਈ ਉਹ ਇਸ ਮਾਮਲੇ ਨੂੰ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਸਾਹਮਣੇ ਪੇਸ਼ ਕਰਨ। ਗਿਆਨਵਾਪੀ ਮਾਮਲੇ ਵਿੱਚ ਹਿੰਦੂ ਪੱਖ ਨੂੰ ਵੱਡੀ ਜਿੱਤ ਮਿਲੀ ਹੈ। ਜ਼ਿਲ੍ਹਾ ਅਦਾਲਤ ਨੇ ਗਿਆਨਵਾਪੀ ਦੇ ਬੇਸਮੈਂਟ ਵਿੱਚ ਪੂਜਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਸੱਤ ਦਿਨਾਂ ਦੇ ਅੰਦਰ ਇਸ ਸਬੰਧੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਆਸ ਪਰਿਵਾਰ ਹੁਣ ਬੇਸਮੈਂਟ ਵਿੱਚ ਪੂਜਾ ਕਰੇਗਾ। ਵਰਣਨਯੋਗ ਹੈ ਕਿ ਹਿੰਦੂ ਪੱਖ ਨੇ ਵਿਆਸ ਜੀ ਦੇ ਬੇਸਮੈਂਟ ਵਿਚ ਪੂਜਾ ਕਰਨ ਦੀ ਇਜਾਜ਼ਤ ਮੰਗੀ ਸੀ।
ਸੋਮਨਾਥ ਵਿਆਸ ਦਾ ਪਰਿਵਾਰ 1993 ਤੱਕ ਬੇਸਮੈਂਟ ‘ਚ ਪੂਜਾ ਕਰਦਾ ਸੀ। ਮੰਗਲਵਾਰ ਦੇਰ ਰਾਤ ਗਿਆਨਵਾਪੀ ਕੈਂਪਸ ਦੇ ਬੇਸਮੈਂਟ ‘ਚ ਹੋਈ ਪੂਜਾ ਤੋਂ ਬਾਅਦ ਯੂਪੀ ਪੁਲਸ ਚੌਕਸ ਹੈ। ਬਨਾਰਸ ‘ਚ ਅਧਿਕਾਰੀਆਂ ਨੂੰ ਪੈਦਲ ਗਸ਼ਤ ਦੇ ਨਿਰਦੇਸ਼ ਦਿੱਤੇ ਗਏ ਹਨ। ਵਾਰਾਣਸੀ ਜ਼ਿਲ੍ਹਾ ਅਦਾਲਤ ਤੋਂ ਬੁੱਧਵਾਰ ਨੂੰ ਗਿਆਨਵਾਪੀ ਕੰਪਲੈਕਸ ਵਿੱਚ ਵਿਆਸ ਜੀ ਦੇ ਤਹਿਖਾਨੇ ਵਿੱਚ ਨਿਯਮਤ ਪੂਜਾ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ, ਵਿਆਸ ਜੀ ਦੇ ਤਹਿਖਾਨੇ ਨੂੰ ਦੇਰ ਰਾਤ ਬੈਰੀਕੇਡਾਂ ਰਾਹੀਂ ਰਸਤਾ ਬਣਾ ਕੇ ਖੋਲ੍ਹਿਆ ਗਿਆ।