Sunday, March 9, 2025
spot_img

ਇਸ ਗੁਰਦੁਆਰਾ ਸਾਹਿਬ ਦੀਆਂ ਅੱਜ ਵੀ ਹਵਾ ‘ਚ ਝੂਲਦੀਆਂ ਹਨ ਕੰਧਾਂ, ਜਾਣੋ ਕੀ ਹੈ ਇਤਿਹਾਸ

Must read

ਗੁਰਦੁਆਰਾ ਝੁਲਣੇ ਮਹਿਲ ਸਾਹਿਬ ਜ਼ਿਲ੍ਹਾ ਤਰਨ ਤਾਰਨ ‘ਚ ਸਥਿਤ ਹੈ। ਇਹ ਗੁਰਦੁਆਰਾ ਤਰਨ ਤਾਰਨ ਤੋਂ ਅੰਮ੍ਰਿਤਸਰ ਜਾਣ ਵਾਲੀ ਸੜਕ ਤੇ ਤਰਨਤਾਰਨ ਤੋਂ ਪੰਜ ਕਿਲੋਮੀਟਰ ਦੇ ਫ਼ਾਸਲੇ ਤੇ ਠੱਠੀ ਨਾਮਕ ਪਿੰਡ ਵਿੱਚ ਸਥਿਤ ਹੈ। ਪਰ ਦੋ ਪਿੰਡਾਂ, ਠੱਠੀ ਤੇ ਖਾਰਾ ਵਿਚਾਲੇ ਹੋਣ ਕਾਰਣ ਇਸ ‘ਗੁਰੂਦਵਾਰੇ’ ਦੇ ਨਾਮ ਨਾਲ ਠੱਠੀ-ਖਾਰਾ ਲਿਖਿਆ ਜਾਂਦਾ ਹੈ। ਪਿੰਡ ਠੱਠੀ ਵੱਲੋਂ ਇਸ ਦਾ ਫ਼ਾਸਲਾ ਤਕਰੀਬਨ ਇੱਕ ਕਿਲੋਮੀਟਰ ਹੈ ਅਤੇ ਪਿੰਡ ਖਾਰਾ ਵੱਲੋਂ ਇਹ ਸਥਾਨ ਮੁੱਖ ਮਾਰਗ ਤੋਂ ਤਕਰੀਬਨ ਦੋ ਕੁ ਕਿਲੋਮੀਟਰ ਹਟ ਕੇ ਹੈ। ਇਸ ਗੁਰੂ ਘਰ ਵਿਚ ਇੱਕ ਅਜਿਹੀ ਚੌੜੀ ਦੀਵਾਰ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਝੂਲਦੀ ਹੈ ਅਤੇ ਆਈਆਂ ਹੋਈਆਂ ਸੰਗਤਾਂ ਇਸ ਦੀਵਾਰ ਉੱਪਰ ਬੈਠ ਕੇ ਝੂਟੇ ਲੈਂਦੀਆਂ ਹਨ।

ਇੱਕ ਵਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ‘ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਸਾਰੀਆਂ ਸਿੱਖ ਸੰਗਤਾਂ ਮਨ ਚਿੱਤ ਕਰਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਰਹੀਆਂ ਸਨ ਤਾਂ ਉਸੇ ਹੀ ਸਮੇਂ ਬਾਦਸ਼ਾਹ ਜਹਾਂਗੀਰ ਦਾ ਲਸ਼ਕਰ ਜੋ ਲਾਹੌਰ ਨੂੰ ਜਾ ਰਿਹਾ ਸੀ ਸੰਗਤ ਦੇ ਕੋਲੋਂ ਦੀ ਨਿਕਲਿਆ ਜਿਸ ਵਿੱਚ ਬਹੁਤ ਸਾਰੇ ਹਾਥੀ ਸ਼ਿੰਗਾਰੇ ਹੋਏ ਸਨ ਤੇ ਉਹ ਆਪਣੀ ਮਟਕ ਮਟਕ ਚਾਲ ਚੱਲ ਰਹੇ ਸਨ। ਉਨ੍ਹਾਂ ਉੱਪਰ ਅੰਬਾਰੀਆਂ ‘ਤੇ ਬੈਠੇ ਬੰਦੇ ਵੀ ਹਾਥੀ ਦੀ ਚਾਲ ਦੇ ਨਾਲ ਹੀ ਝੂਲਦੇ ਜਾ ਰਹੇ ਸਨ। ਇਸ ਦਿਲਕਸ਼ ਨਜ਼ਾਰੇ ਨੇ ਸਾਰੀ ਸੰਗਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਸਾਰੀ ਸੰਗਤ ਦਾ ਧਿਆਨ ਗੁਰੂ ਅਰਜਨ ਦੇਵ ਸਾਹਿਬ ਜੀ ਉਪਦੇਸ਼ਾਂ ਵੱਲੋਂ ਹੱਟ ਕੇ ਜਹਾਂਗੀਰ ਲਸ਼ਕਰ ਵੱਲ ਚਲਿਆ ਗਿਆ। ਸੰਗਤ ਵੱਲ ਦੇਖਦਿਆਂ ਗੁਰੂ ਜੀ ਨੇ ਸੰਗਤ ਨੂੰ ਪੁੱਛਿਆ ਕਿ ਸੰਗਤੇ ਕੀ ਗੱਲ ਹੈ, ਅਸੀਂ ਉਪਦੇਸ਼ ਦੇ ਰਹੇ ਹਾਂ ਪਰ ਤੁਸੀਂ ਸਾਰੀ ਸੰਗਤ ਨੇ ਆਪਣਾ ਧਿਆਨ ਕਿਸੇ ਹੋਰ ਪਾਸੇ ਕਿਉਂ ਲਾਇਆ ਹੋਇਆ ਹੈ ? ਗੁਰੂ ਜੀ ਵੱਲੋਂ ਇਹ ਸਵਾਲ ਕੀਤੇ ਜਾਣ ਬਾਅਦ ਸੰਗਤ ਨੇ ਗੁਰੂ ਜੀ ਨੂੰ ਕਿਹਾ ਪਾਤਸ਼ਾਹ ਕੀ ਉਹ ਵੇਖੋ ਬਾਦਸ਼ਾਹ ਦਾ ਲਸ਼ਕਰ ਜਾ ਰਿਹਾ ਹੈ। ਵੇਖੋ ਕਿਸ ਤਰ੍ਹਾਂ ਹਾਥੀ ਝੂਮਦੇ ਜਾ ਰਹੇ ਹਨ। ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਵੀ ਹਾਥੀਆਂ ਦੀ ਸਵਾਰੀ ਕਰੀਏ। (ਦੱਸ ਦਈਏ ਕਿ ਉਸ ਸਮੇਂ ਹਾਥੀ ਸਿਰਫ਼ ਬਾਦਸ਼ਾਹਾਂ ਕੋਲ ਹੀ ਹੋਇਆ ਕਰਦੇ ਸਨ ਅਤੇ ਇਹ ਇੱਕ ਸ਼ਾਹੀ ਸਵਾਰੀ ਹੋਇਆ ਕਰਦੀ ਸੀ।)

ਸੰਗਤਾਂ ਦੀ ਇਹ ਗੱਲ ਸੁਣਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਹਮਣੇ ਖੜ੍ਹੀ ਕੰਧ ਵੱਲ ਇਸ਼ਾਰਾ ਕਰਦਿਆਂ ਬਚਨ ਕੀਤਾ ਕਿ ਜੇ ਝੂਟੇ ਲੈਣੇ ਹਨ ਤਾਂ ਜਾਓ ਉਹ ਕੰਧ ‘ਤੇ ਜਾ ਕੇ ਬੈਠੋ। ਇਹ ਸੁਣ ਕੇ ਸਾਰੀ ਸੰਗਤ ਉਸ ਕੰਧ ‘ਤੇ ਜਾ ਕੇ ਬੈਠ ਗਈ ਜਦ ਵਾਹਿਗੁਰੂ ਦਾ ਸਿਮਰਨ ਕੀਤਾ ਤਾਂ ਉਹ ਕੰਧ ਵੀ ਹਾਥੀ ਦੀ ਤਰ੍ਹਾਂ ਝੂਲਣ ਲੱਗ ਗਈ। ਸਾਰੀ ਸੰਗਤ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਉਹ ਹਾਥੀ ਦੀ ਹੀ ਸਵਾਰੀ ਕਰ ਰਹੇ ਹੋਣ। ਇਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਕਿ ਹਾਥੀ ਤਾਂ ਇੱਕ ਸੁਆਸ ਵਸਤੂ ਹੈ ਜੋ ਕਿ ਸਦਾ ਜੀਵਤ ਨਹੀਂ ਰਹਿ ਸਕਦਾ ਇਸ ਲਈ ਸਾਡੇ ਇਹ ਮਹਿਲ ਹਮੇਸ਼ਾ ਹੀ ਝੂਲਦੇ ਰਹਿਣਗੇ। ਗੁਰੂ ਸਾਹਿਬ ਜੀ ਦਾ ਇਹ ਬਚਨ ਅੱਜ ਵੀ ਸੱਤ ਹੈ ਅੱਜ ਵੀ ਗੁਰਦੁਆਰਾ ਝੂਲਣੇ ਮਹਿਲ ਸ੍ਰੀ ਤਰਨ ਤਾਰਨ ਵਿਖੇ ਇਹ ਕੰਧ ਮੌਜੂਦ ਹੈ ਅਤੇ ਅੱਜ ਵੀ ਸੰਗਤਾਂ ਨੂੰ ਇਸ ‘ਤੇ ਬੈਠਕੇ ਝੂਟੇ ਮਿਲਦੇ ਹਨ।

ਇਸ ਅਸਥਾਨ ‘ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਸਮੇਂ ਸੱਤ ਸਾਲ ਸੱਤ ਮਹੀਨੇ ਤੇ ਸੱਤ ਦਿਨ ਰਹੇ ਸਨ। ਅੰਗ੍ਰੇਜਾਂ ਦੇ ਰਾਜ ਸਮੇਂ ਅੰਗ੍ਰੇਜ਼ਾਂ ਨੇ ਵੀ ਇਸ ਦੀਵਾਰ ਦੇ ਝੂਲਣ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਤੇ ਇਸ ਦੀਵਾਰ ‘ਚ ਸਪਰਿੰਗ ਵਗੈਰਾ ਤਾਂ ਹੀ ਨਹੀ ਕੋਈ ਪਰ ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਕਿਉਂਕਿ ਇਹ ਦੀਵਾਰ ਕਿਸੇ ਜੁਗਤ ਕਰਕੇ ਨਹੀਂ ਬਲਕਿ ਗੁਰੂ ਸਾਹਿਬ ਜੀ ਦੇ ਬਚਨਾਂ ਕਰਕੇ ਝੂਲਦੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article