ਲੁਧਿਆਣਾ ਵਿੱਚ ਕਾਂਗਰਸੀ ਵਰਕਰ 5 ਮਾਰਚ ਮੰਗਲਵਾਰ ਨੂੰ ਸੀਪੀ ਦਫਤਰ ਵਿੱਚ ਗ੍ਰਿਫਤਾਰੀਆਂ ਦੇਣਗੇ। ਐਮਪੀ ਰਵਨੀਤ ਸਿੰਘ ਬਿੱਟੂ ਨੇ ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 5 ਮਾਰਚ ਮੰਗਲਵਾਰ ਨੂੰ ਸੀਪੀ ਦਫ਼ਤਰ ਵਿੱਚ ਗ੍ਰਿਫਤਾਰੀਆਂ ਦੇਣਗੇ।
ਇਸ ਨਾਲ ਹੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ‘ਤੇ ਤੰਜ਼ ਕਸਦਿਆਂ ਕਿਹਾ, ““ਸਾਰੇ ਪੁਲਿਸ ਵਾਲੇ ਸਾਡੇ ਰਾਖੇ ਹਨ, ਇਸ ਲਈ ਉਹ ਸਾਨੂੰ ਕਦੇ ਵੀ ਤੱਤੀ ਵਾਹ ਨਹੀਂ ਲੱਗਣ ਦੇਣਗੇ। ਜ਼ਾਲਮ ਸਰਕਾਰ ਆ ਉਨ੍ਹਾਂ ਦਾ ਕੀ ਉਹ’ਤਾ ਰੋਜ਼ ਪਰਚੇ ਕਰਦੇ ਨੇ”
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਦੀ ਮੀਟਿੰਗ ਦੌਰਾਨ ਹੰਗਾਮਾ ਹੋਇਆ। ਇਸ ਦੌਰਾਨ ਸਾਬਕਾ ਮੰਤਰੀ ਆਸ਼ੂ ਕਾਫੀ ਨਾਰਾਜ਼ ਹੋ ਗਏ ਅਤੇ ਮੀਟਿੰਗ ਅਧੂਰੀ ਛੱਡ ਕੇ ਚਲੇ ਗਏ। ਕਾਂਗਰਸੀ ਵਰਕਰਾਂ ਦੀ ਅਨੁਸ਼ਾਸਨਹੀਣਤਾ ਕਾਰਨ ਉਹ ਗੁੱਸੇ ‘ਚ ਆ ਗਏ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਅੱਜ ਪੁਲਿਸ ਵੱਲੋਂ ਦਰਜ ਕੀਤੇ ਗਏ ਗਲਤ ਕੇਸ ਖ਼ਿਲਾਫ਼ ਅਗਲੀ ਰਣਨੀਤੀ ਬਣਾਈ ਜਾ ਰਹੀ ਹੈ। ਲੋਕਾਂ ਦੇ ਹੱਕਾਂ ਦੀ ਗੱਲ ਕਰਨ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਬਿੱਟੂ ਨੇ ਕਿਹਾ ਕਿ ਵਰਕਰਾਂ ਦੇ ਕਹਿਣ ’ਤੇ ਹੀ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਕਾਂਗਰਸੀ ਵਰਕਰ ਸਾਰੀਆਂ ਗ੍ਰਿਫਤਾਰੀਆਂ ਦੇਣ ਲਈ ਤਿਆਰ ਹਨ।