ਪੰਜਾਬ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰ ਸਰਕਾਰ ਦੀ ਏਜੰਸੀ ਈਡੀ ਵੱਲੋਂ ਮੋਹਾਲੀ ਦੇ ਖਰੜ ਸਥਿਤ ਵੈਸਟਰਨ ਟਾਵਰ ‘ਤੇ ਰੇਡ ਕੀਤੀ ਗਈ ਹੈ। ਟੀਮ ਨੂੰ ਆਉਂਦਾ ਦੇਖ ਕੇ ਕਿਸੇ ਨੇ ਰਿਹਾਇਸ਼ੀ ਟਾਵਰ ਦੀ 9ਵੀਂ ਮੰਜ਼ਿਲ ਤੋਂ ਪੈਸਿਆਂ ਨਾਲ ਭਰਿਆ ਇਕ ਬੈਗ ਹੇਠਾਂ ਸੁੱਟ ਦਿੱਤਾ ਜੋ ਪਹਿਲਾਂ ਤੋਂ ਹੇਠਾਂ ਖੜ੍ਹੀ ਗੱਡੀ ਦੇ ਡਰਾਈਵਰ ਨੇ ਚੁੱਕ ਲਿਆ।
ਹਾਲਾਂਕਿ ਟੀਮ ਦੀ ਨਜ਼ਰ ਉਸ ‘ਤੇ ਪੈ ਗਈ ਤੇ ਟੀਮ ਦੇ ਮੈਂਬਰਾਂ ਨੇ ਪਿੱਛਾ ਕਰਕੇ ਬੈਗ ਲੈ ਕੇ ਭੱਜ ਰਹੇ ਡਰਾਈਵਰ ਨੂੰ ਫੜ ਲਿਆ ਤੇ ਬੈਗ ਤੋਂ ਲਗਭਗ 21 ਲੱਖ ਰੁਪਏ ਨਕਦ ਬਰਾਮਦ ਕੀਤੇ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਜੇ ਤੱਕ ਅਧਿਕਾਰੀ ਕੁਝ ਵੀ ਬੋਲਣ ਤੋਂ ਬਚ ਰਹੇ ਹਨ।
ਸੂਤਰਾਂ ਅਨੁਸਾਰ ਇਹ ਛਾਪੇਮਾਰੀ ਖਰੜ ਨੇੜੇ ਛੱਜੂ ਮਾਜਰਾ ਸਥਿਤ ‘ਵੈਸਟਰਨ ਟਾਵਰਜ਼’ ਦੇ ਫਲੈਟ ਨੰਬਰ 906 ਵਿੱਚ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਇਮਾਰਤ ਦੇ ਅੰਦਰੋਂ ਕਥਿਤ ਤੌਰ ‘ਤੇ ਨਕਦੀ ਦੇ ਬੰਡਲਾਂ ਵਾਲੇ ਦੋ ਬੈਗ ਹੇਠਾਂ ਸੁੱਟੇ ਗਏ। ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਰੇਡ ਬਾਰੇ ਜਿਵੇਂ ਹੀ ਕਿਸੇ ਨੂੰ ਪਤਾ ਲੱਗਿਆ ਤਾਂ ਉਸ ਨੇ 9ਵੀਂ ਮੰਜਿਲ ਤੋਂ ਰੁਪਇਆਂ ਦਾ ਭਰਿਆ ਇੱਕ ਬੈਗ ਹੇਠਾਂ ਸੁੱਟ ਦਿੱਤਾ, ਜਿਸ ਨੂੰ ਹੇਠਾਂ ਗੱਡੀ ਕੋਲ ਪਹਿਲਾਂ ਤੋਂ ਹੀ ਖੜੇ ਇੱਕ ਡਰਾਈਵਰ ਨੇ ਚੁੱਕ ਲਿਆ। ਇਸ ਤਰ੍ਹਾਂ ਬੈਗ ਸੁੱਟੇ ਜਾਣ ਨਾਲ ਕਈ ਨੋਟ ਹਵਾ ਵਿੱਚ ਵੀ ਉਡਦੇ ਵਿਖਾਈ ਦਿੱਤੇ।




