ਦੱਖਣੀ ਅਮਰੀਕਾ ਦੇ ਇਕਵਾਡੋਰ ‘ਚ ਦੇਸ਼ ਦੇ ਸਭ ਤੋਂ ਖਤਰਨਾਕ ਅਪਰਾਧੀ ਦੇ ਜੇਲ੍ਹ ‘ਚੋਂ ਫਰਾਰ ਹੋਣ ਤੋਂ ਬਾਅਦ 60 ਦਿਨਾਂ ਦੀ ਐਮਰਜੈਂਸੀ ਲਗਾ ਦਿੱਤੀ ਗਈ ਹੈ। ਅਪਰਾਧੀ ਦਾ ਨਾਮ ਅਡੋਲਫੋ ਮੈਸਿਆਸ ਵਿਲਾਮਾਰ ਹੈ, ਜੋ ਲਾਸ ਕੋਨੇਰੋਸ ਗੈਂਗ ਦਾ ਨੇਤਾ ਹੈ। ਇਸ ਗਿਰੋਹ ਦਾ ਹਾਲ ਹੀ ਦੇ ਸਮੇਂ ਵਿੱਚ ਇਕਵਾਡੋਰ ਦੀਆਂ ਜੇਲ੍ਹਾਂ ਵਿੱਚ ਹੋਏ ਕਈ ਜਾਨਲੇਵਾ ਦੰਗਿਆਂ ਪਿੱਛੇ ਹੱਥ ਰਿਹਾ ਹੈ।
ਦੱਸ ਦਈਏ ਕਿ ਅਡੋਲਫੋ ਨੂੰ ਫਿਟੋ ਵੀ ਕਿਹਾ ਜਾਂਦਾ ਹੈ। ਉਸ ਨੂੰ ਇਕਵਾਡੋਰ ਦੀ ਅਧਿਕਤਮ ਸੁਰੱਖਿਆ ਵਾਲੀ ਜੇਲ੍ਹ ਵਿਚ ਰੱਖਿਆ ਗਿਆ ਸੀ। ਇਕਵਾਡੋਰ ਦੇ ਰਾਸ਼ਟਰਪਤੀ ਡੇਨੀਅਲ ਨੋਬੋਆ ਨੇ ਕਿਹਾ ਕਿ ਦੇਸ਼ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ, ਕਤਲ ਅਤੇ ਹੋਰ ਅਪਰਾਧਾਂ ਲਈ ਜ਼ਿੰਮੇਵਾਰ ਲੋਕਾਂ ਦਾ ਸਮਾਂ ਹੁਣ ਖਤਮ ਹੋ ਰਿਹਾ ਹੈ। ਅਸੀਂ ਅੱਤਵਾਦੀਆਂ ਨਾਲ ਗੱਲਬਾਤ ਨਹੀਂ ਕਰਾਂਗੇ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਇਕਵਾਡੋਰ ਵਿੱਚ ਸ਼ਾਂਤੀ ਨਹੀਂ ਹੁੰਦੀ।
ਇਸਤੋਂ ਇਲਾਵਾ ਪ੍ਰੈੱਸ ਕਾਨਫਰੰਸ ਦੌਰਾਨ ਇਕਵਾਡੋਰ ਸਰਕਾਰ ਦੇ ਬੁਲਾਰੇ ਰੌਬਰਟੋ ਇਜੂਰੀਟਾ ਨੇ ਕਿਹਾ ਕਿ ਫਿਟੋ ਨੂੰ ਲੱਭਣ ਲਈ ਹਜ਼ਾਰਾਂ ਫੌਜੀਆਂ ਅਤੇ ਪੁਲਿਸ ਵਾਲਿਆਂ ਨੂੰ ਸੜਕਾਂ ‘ਤੇ ਉਤਾਰਿਆ ਗਿਆ ਹੈ। ਫਿਟੋ ਦੇ ਲਾਪਤਾ ਹੋਣ ਨਾਲ ਇਕਵਾਡੋਰ ਦੀਆਂ 6 ਜੇਲ੍ਹਾਂ ਵਿਚ ਗਾਰਡਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਕਈ ਵੀਡੀਓਜ਼ ‘ਚ ਨਕਾਬਪੋਸ਼ ਕੈਦੀ ਗਾਰਡਾਂ ਨੂੰ ਚਾਕੂਆਂ ਨਾਲ ਧਮਕਾਉਂਦੇ ਨਜ਼ਰ ਆ ਰਹੇ ਹਨ।
ਇਸ ਤੋਂ ਬਾਅਦ ਪੁਲਿਸ ਅਤੇ ਫ਼ੌਜੀ ਜਵਾਨ ਵੱਡੀ ਗਿਣਤੀ ਵਿੱਚ ਹਥਿਆਰਾਂ ਨਾਲ ਵੱਖ-ਵੱਖ ਜੇਲ੍ਹਾਂ ਵਿੱਚ ਦਾਖ਼ਲ ਹੋਏ। ਇੱਥੇ ਮੌਜੂਦ ਅਪਰਾਧੀ ਜੇਲ੍ਹ ਦੇ ਵਿਹੜੇ ਵਿੱਚ ਇਕੱਠੇ ਹੋਏ ਸਨ। ਐਮਰਜੈਂਸੀ ਦੇ ਤਹਿਤ, ਇਕੱਠਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਦੇਸ਼ ਭਰ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ।