ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਐਤਵਾਰ ਨੂੰ ਵਿਜੀਲੈਂਸ ਟੀਮ ਨੇ ਰਾਜੀਵ ਕੁਮਾਰ ਅਤੇ ਅਮਨਦੀਪ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇਸ ਮਾਮਲੇ ਵਿੱਚ ਕਿਸੇ ਵੀ ਵਿਜੀਲੈਂਸ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਪਰ ਸੂਤਰਾਂ ਮੁਤਾਬਕ ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਸੋਮਵਾਰ ਨੂੰ ਵੱਡਾ ਖੁਲਾਸਾ ਕਰ ਸਕਦੇ ਹਨ। ਨਾਮਜ਼ਦ ਮੁਲਜ਼ਮਾਂ ਵਿੱਚ ਮਨਪ੍ਰੀਤ ਬਾਦਲ, ਵਿਕਾਸ ਕੁਮਾਰ, ਪੰਕਜ, ਸ਼ੇਰਗਿੱਲ, ਰਾਜੀਵ ਕੁਮਾਰ ਅਤੇ ਅਮਨਦੀਪ ਦੇ ਨਾਂ ਸ਼ਾਮਲ ਹਨ।
ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਖ਼ਿਲਾਫ਼ ਮਾਡਲ ਟਾਊਨ ਵਿੱਚ ਮਹਿੰਗੇ ਪਲਾਟ ਘੱਟ ਭਾਅ ’ਤੇ ਖਰੀਦਣ ਦੀ ਸ਼ਿਕਾਇਤ ਵਿਜੀਲੈਂਸ ਤੇ ਲੋਕਪਾਲ ਨੂੰ ਦਿੱਤੀ ਸੀ। ਵਿਜੀਲੈਂਸ ਇਸ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਸਿੰਗਲਾ ਦੀ ਸ਼ਿਕਾਇਤ ਲੋਕਪਾਲ ਨੇ ਰੱਦ ਕਰ ਦਿੱਤੀ ਸੀ। ਹਾਲ ਹੀ ਵਿੱਚ ਮਨਪ੍ਰੀਤ ਬਾਦਲ ਨੇ ਆਪਣੀ ਗ੍ਰਿਫਤਾਰੀ ਦੇ ਡਰੋਂ ਸਥਾਨਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਉਸ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ। ਇਸ ’ਤੇ ਅਦਾਲਤ ਨੇ ਵਿਜੀਲੈਂਸ ਨੂੰ ਨੋਟਿਸ ਜਾਰੀ ਕੀਤਾ ਸੀ। ਮਾਮਲੇ ਦੀ ਸੁਣਵਾਈ 26 ਸਤੰਬਰ ਨੂੰ ਹੋਣੀ ਹੈ।
ਸੂਤਰਾਂ ਅਨੁਸਾਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਕਰੀਬੀ ਸਾਥੀ ਰਾਜੀਵ ਕੁਮਾਰ ਅਤੇ ਇੱਕ ਹੋਰ ਵਿਅਕਤੀ ਦੇ ਨਾਂ ’ਤੇ ਮਾਡਲ ਟਾਊਨ ਫੇਜ਼ 1 ਵਿੱਚ ਇੱਕ ਮਹਿੰਗਾ ਪਲਾਟ ਸਸਤੇ ਭਾਅ ’ਤੇ ਖਰੀਦਿਆ ਸੀ। ਇਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ। ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਅਤੇ ਲੋਕਪਾਲ ਨੂੰ ਕੀਤੀ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਤੋਂ ਬਾਅਦ ਮਨਪ੍ਰੀਤ ਬਾਦਲ ਆਪਣੇ ਵਕੀਲ ਨਾਲ ਵਿਜੀਲੈਂਸ ਦਫਤਰ ਪੁੱਜੇ ਅਤੇ ਵਿਜੀਲੈਂਸ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਮੰਚ ਤੋਂ ਕਿਹਾ ਸੀ ਕਿ ਮਨਪ੍ਰੀਤ ਬਾਦਲ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਮਨਪ੍ਰੀਤ ਬਾਦਲ ਨੇ ਸੀਐਮ ਮਾਨ ਨੂੰ ਇਸ ਮਾਮਲੇ ਬਾਰੇ ਜਨਤਕ ਜਾਣਕਾਰੀ ਦੇਣ ਦੀ ਚੁਣੌਤੀ ਦਿੱਤੀ ਸੀ।