ਪੰਜਾਬ ‘ਚ ‘ਆਪ’ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਿਵਾਦਾਂ ਵਿੱਚ ਘਿਰ ਗਏ ਹਨ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ, ਜਿਸ ਵਿੱਚ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਇੱਕ ਸਮਾਗਮ ਦੌਰਾਨ ਬਜ਼ੁਰਗ ਵਿਅਕਤੀ ਨੂੰ ਸਟੇਜ ਤੋਂ ਲੱਤ ਮਾਰ ਕੇ ਧੱਕਾ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰਾਂ ਅਤੇ ਆਮ ਲੋਕਾਂ ਵੱਲੋਂ ਵਿਧਾਇਕ ਦੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।
ਵਿਵਾਦ ਤੋਂ ਬਾਅਦ, ਇਸ ਵੀਡੀਓ ਨੂੰ ਲੈ ਕੇ ਵਿਧਾਇਕ ਦੇਵ ਮਾਨ ਨੇ ਸਪਸ਼ਟੀਕਰਨ ਦਿੱਤਾ ਹੈ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਵੀਡੀਓ ਨੂੰ ਤੋੜ ਮਰੋੜ ਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੇ ਅਨੁਸਾਰ, ਬਜ਼ੁਰਗ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਕਈ ਵਾਰ ਸਟੇਜ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਜ਼ੁਰਗ ਨੂੰ ਕਈ ਵਾਰ ਨਿਮਰਤਾ ਨਾਲ ਸਟੇਜ ਛੱਡਣ ਲਈ ਕਿਹਾ ਗਿਆ ਸੀ, ਪਰ ਉਸਨੇ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਵਿਧਾਇਕ ਨੇ ਕਿਹਾ, “ਮੇਰਾ ਇਰਾਦਾ ਕਿਸੇ ਵੀ ਬਜ਼ੁਰਗ ਵਿਅਕਤੀ ਦਾ ਨਿਰਾਦਰ ਕਰਨਾ ਨਹੀਂ ਸੀ। ਮੈਂ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਜੇ ਕਿਸੇ ਨੂੰ ਲੱਗਦਾ ਕਿ ਮੈਂ ਬਜ਼ੁਰਗ ਨੂੰ ਲੱਤ ਮਾਰੀ ਤਾਂ ਮੈਂ ਮੁਆਫ਼ੀ ਮੰਗਦਾ ਹਾਂ।”




