ਲੁਧਿਆਣਾ (ਸਾਹਨੇਵਾਲ) ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਵੱਲੋਂ ਆਪਣੀ ਇਕ ਮਹੀਨੇ ਦੀ ਤਨਖਾਹ ਦਾ ਚੈੱਕ ਮੁੱਖ ਮੰਤਰੀ ਰਾਹਤ ਫੰਡ ਦੇ ਵਿਚ ਦੇ ਦਿੱਤਾ ਹੈ। ਹਲਕਾ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਵੱਲੋਂ ਬੇਮੌਸਮੀ ਬਰਸਾਤ ਕਾਰਨ ਖ਼ਰਾਬ ਫਸਲਾਂ ਦਾ ਜਾਇਜ਼ਾ ਲੈਣ ਲਈ ਲਗਾਤਾਰ ਆਪਣੇ ਹਲਕੇ ਦਾ ਦੌਰਾ ਕੀਤਾ ਗਿਆ ਸੀ, ਜਿਸ ਉਪਰੰਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ ਓਹਨਾ ਆਪਣੀ ਇਕ ਮਹੀਨੇ ਦੀ ਪੂਰੀ ਤਨਖਾਹ ਕਿਸਾਨਾਂ ਦੀ ਬੇਮੌਸਮੀ ਬਰਸਾਤ ਨਾਲ ਖਰਾਬੀਆਂ ਫਸਲਾਂ ਦੇ ਮੁਆਵਜ਼ੇ ਵਜੋਂ ਮੁੱਖ ਮੰਤਰੀ ਰਾਹਤ ਫ਼ੰਡ ਦੇ ਵਿੱਚ ਦੇਣ ਦਾ ਐਲਾਨ ਕੀਤਾ ਸੀ ਅਤੇ ਉਸ ਵਾਅਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਆਪਣੀ ਇਕ ਮਹੀਨੇ ਦੀ 82 ਹਜ਼ਾਰ ਰੁਪਏ ਦੀ ਤਨਖਾਹ ਦਾ ਚੈਕ ਮੁੱਖ ਮੰਤਰੀ ਨੂੰ ਹਵਾਲੇ ਕਰ ਦਿੱਤਾ। ਇਹ ਚੈੱਕ ਮੁੱਖ ਮੰਤਰੀ ਰਾਹਤ ਫੰਡ ਦੇ ਨਾਂ ਤੇ ਦਿੱਤਾ ਗਿਆ, ਐਮ ਐਲ ਏ ਹਰਦੀਪ ਸਿੰਘ ਮੂੰਡੀਆਂ ਵੱਲੋਂ ਬੀਤੇ ਦਿਨੀਂ ਇਸ ਦਾ ਐਲਾਨ ਕੀਤਾ ਸੀ।
ਇਸ ਮੌਕੇ ਐਮ ਐਲ ਏ ਹਰਦੀਪ ਸਿੰਘ ਮੂੰਡੀਆਂ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਹਮੇਸ਼ਾਂ ਹੀ ਕਿਸਾਨਾਂ ਦੀ ਭਲਾਈ ਲਈ ਕਦਮ ਚੁੱਕੇ ਜਾਂਦੇ ਰਹੇ ਨੇ, ਜਦੋਂ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਰਕੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਸੀ ਤਾਂ ਤੁਰੰਤ ਪ੍ਰਭਾਵ ਨਾਲ ਗਿਰਦਾਵਰੀ ਕਰਵਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ, ਵਿਧਾਇਕ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਇਲਾਕੇ ਦਾ ਦੌਰਾ ਕਰਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਤਾਂ ਕਿਸਾਨਾਂ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ, ਇਸ ਕਰਕੇ ਉਨ੍ਹਾਂ ਨੇ ਉਸ ਵੇਲ੍ਹੇ ਹੀ ਫੈਸਲਾ ਲਿਆ ਸੀ ਕਿ ਜਿਸ ਮਹੀਨੇ ਦੇ ਵਿੱਚ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਉਸ ਮਹੀਨੇ ਦੀ ਤਨਖਾਹ ਉਹ ਕਿਸਾਨਾਂ ਦੇ ਹੀ ਲੇਖੇ ਲਾਉਣਗੇ, ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹੈ ਜੇਕਰ ਉਹ ਮੁਸ਼ਕਿਲ ਦੇ ਵਿੱਚ ਹੈ ਤਾਂ ਉਸ ਦਾ ਸਾਥ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਓਸ ਵੇਲੇ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਅਪ੍ਰੈਲ ਮਹੀਨੇ ਦੀ ਤਨਖਾਹ ਐਮ ਐਲ ਏ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ਦੇ ਚ ਦਿੱਤੀ ਗਈ। ਜਿਸ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਸਵਾਗਤ ਕੀਤਾ ਹੈ।
ਹਰਦੀਪ ਸਿੰਘ ਮੂੰਡੀਆਂ ਵਿਧਾਇਕ ਸਾਹਨੇਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਇਕ ਮਹੀਨੇ ਦੀ ਦਿੱਤੀ ਗਈ ਤਨਖਾਹ ਭਾਵੇਂ ਕਿ ਇੱਕ ਛੋਟਾ ਜਿਹਾ ਯੋਗਦਾਨ ਹੈ, ਪਰ ਉਨ੍ਹਾਂ ਦੇ ਦਿਲ ਦੇ ਵਿਚ ਕਿਸਾਨਾਂ ਲਈ ਬੇਹੱਦ ਪਿਆਰ ਅਤੇ ਹਮਦਰਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੇਰੇ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਇੰਡਸਟਰੀ ਹੈ ਉਥੇ ਹੀ ਵੱਡੇ ਪੱਧਰ ਤੇ ਕਿਸਾਨ ਖੇਤੀ ਵੀ ਕਰਦੇ ਹਨ, ਜਿਨ੍ਹਾਂ ਦੀ ਬਦੌਲਤ ਉਹ ਅੱਜ ਪਾਰਟੀ ਦੇ ਐਮ ਐਲ ਏ ਬਣ ਸਕੇ, ਇਸ ਕਰਕੇ ਦੁੱਖ ਦੀ ਘੜੀ ਦੇ ਵਿਚ ਉਹ ਉਨ੍ਹਾਂ ਦੇ ਨਾਲ ਖੜੇ ਨੇ। ਇਸ ਮੌਕੇ ਐਮ ਐਲ ਏ ਹਰਦੀਪ ਸਿੰਘ ਮੂੰਡੀਆਂ ਦੀ ਟੀਮ ਅਤੇ ਵਰਕਰਾਂ ਵੱਲੋਂ ਵੀ ਉਨ੍ਹਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ।