Tuesday, July 21, 2026
spot_img

ਬਾਸਕਟਬਾਲ ਵਾਲੇ ਖ਼ਿਡਾਰੀ ਤੇ ਉਨ੍ਹਾਂ ਦੇ ਮਾਪਿਆਂ ਲਈ ਅਹਿਮ ਖ਼ਬਰ

Must read

ਲੁਧਿਆਣਾ, 21 ਜੁਲਾਈ
ਬਾਸਕਟਬਾਲ ਖੇਡਣ ਵਾਲੇ ਖਿਡਾਰੀਆਂ ਤੇ ਬੱਚਿਆਂ ਦੇ ਮਾਪਿਆਂ ਲਈ ਇਹ ਬਹੁਤ ਅਹਿਮ ਖ਼ਬਰ ਹੈ। ਹਰਿਆਣਾ ਦੇ ਗੁਰੂਗ੍ਰਾਮ ਸਥਿਤ ਸੈਕਟਰ-84 ਦੀ ਉੱਚ-ਰਿਹਾਇਸ਼ੀ ਸੁਸਾਇਟੀ ‘ਅੰਤਰਿਕਸ਼ ਹਾਈਟਸ’ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਸੁਸਾਇਟੀ ਦੇ ਬਾਸਕਟਬਾਲ ਕੋਰਟ ਵਿੱਚ ਪ੍ਰੈਕਟਿਸ ਮੈਚ ਖੇਡ ਰਹੇ ਖਿਡਾਰੀਆਂ ਉੱਤੇ ਅਚਾਨਕ ਲੋਹੇ ਦਾ ਭਾਰੀ-ਭਰਕਮ ਬਾਸਕਟਬਾਲ ਪੋਲ ਡਿੱਗ ਪਿਆ। ਇਸ ਘਟਨਾ ਦੌਰਾਨ ਦੋ ਖਿਡਾਰੀਆਂ ਨੇ ਤੁਰੰਤ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ, ਜਦਕਿ ਇੱਕ ਡਾਕਟਰ ਦਾ 22 ਸਾਲਾ ਪੁੱਤਰ ਇਸ ਦੀ ਲਪੇਟ ਵਿੱਚ ਆ ਗਿਆ।
ਅਚਾਨਕ ਵਾਪਰੇ ਇਸ ਹਾਦਸੇ ਨਾਲ ਕੋਰਟ ਵਿੱਚ ਅਫ਼ਰਾ-ਤਫ਼ਰੀ ਮੱਚ ਗਈ। ਉੱਥੇ ਮੌਜੂਦ ਲੋਕਾਂ ਅਤੇ ਹੋਰ ਖਿਡਾਰੀਆਂ ਨੇ ਮਿਲ ਕੇ ਕਿਸੇ ਤਰ੍ਹਾਂ ਪੋਲ ਹੇਠਾਂ ਦਬੇ ਨੌਜਵਾਨ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਪਿੱਠ ’ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਤਿੰਨ ਵੱਖ-ਵੱਖ ਥਾਵਾਂ ’ਤੇ ਫਰੈਕਚਰ ਹੋਏ ਹਨ।
ਪ੍ਰੈਕਟਿਸ ਮੈਚ ਦੌਰਾਨ ਵਾਪਰੀ ਘਟਨਾ
ਇਹ ਘਟਨਾ ਸੋਮਵਾਰ ਸ਼ਾਮ ਕਰੀਬ 7:15 ਵਜੇ ਵਾਪਰੀ, ਜਦੋਂ ਸੁਸਾਇਟੀ ਦੇ ਬੱਚੇ ਰੋਜ਼ਾਨਾ ਵਾਂਗ ਬਾਸਕਟਬਾਲ ਕੋਰਟ ਵਿੱਚ ਪ੍ਰੈਕਟਿਸ ਮੈਚ ਖੇਡ ਰਹੇ ਸਨ। ਖੇਡ ਦੇ ਦੌਰਾਨ ਹੀ ਅਚਾਨਕ ਲੋਹੇ ਦਾ ਭਾਰੀ ਪੋਲ ਹੇਠਾਂ ਆ ਡਿੱਗਿਆ। ਪੋਲ ਸਿੱਧਾ ਕਾਰਤਿਕ ਦੇ ਉੱਪਰ ਡਿੱਗਿਆ, ਜਿਸ ਨਾਲ ਉਹ ਲਹੂ-ਲੁਹਾਣ ਹੋ ਕੇ ਉੱਥੇ ਹੀ ਡਿੱਗ ਪਿਆ। ਧਮਾਕੇ ਅਤੇ ਚੀਕ-ਚਿਹਾਰੇ ਦੀ ਆਵਾਜ਼ ਸੁਣ ਕੇ ਸੁਸਾਇਟੀ ਦੇ ਸੁਰੱਖਿਆ ਕਰਮੀ ਅਤੇ ਰਹਾਇਸ਼ੀ ਤੁਰੰਤ ਮੌਕੇ ’ਤੇ ਪਹੁੰਚੇ।
ਰੀੜ੍ਹ ਦੀ ਹੱਡੀ ਵਿੱਚ ਤਿੰਨ ਫਰੈਕਚਰ, ਹਾਲਤ ਨਾਜ਼ੁਕ
ਜ਼ਖ਼ਮੀ ਕਾਰਤਿਕ ਨੂੰ ਤੁਰੰਤ ਨੇੜਲੇ ਆਰ.ਵੀ. ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਐਮਰਜੈਂਸੀ ਵਾਰਡ ਵਿੱਚ ਡਾਕਟਰਾਂ ਦੀ ਦੇਖ-ਰੇਖ ਹੇਠ ਉਸ ਦਾ ਇਲਾਜ ਚੱਲ ਰਹਾ ਹੈ। ਡਾਕਟਰਾਂ ਮੁਤਾਬਕ ਕਾਰਤਿਕ ਦੀ ਪਿੱਠ ’ਤੇ ਗੰਭੀਰ ਸੱਟਾਂ ਆਈਆਂ ਹਨ ਅਤੇ ਰੀੜ੍ਹ ਦੀ ਹੱਡੀ ਵਿੱਚ ਤਿੰਨ ਥਾਵਾਂ ’ਤੇ ਫਰੈਕਚਰ ਹੋਏ ਹਨ। ਫਿਲਹਾਲ ਉਸ ਦੀ ਹਾਲਤ ਨਾਜ਼ੁਕ ਪਰ ਸਥਿਰ ਬਣੀ ਹੋਈ ਹੈ।
ਰੱਖ-ਰਖਾਅ ’ਚ ਲਾਪਰਵਾਹੀ ਦੇ ਦੋਸ਼
ਇਸ ਹਾਦਸੇ ਤੋਂ ਬਾਅਦ ਸੁਸਾਇਟੀ ਦੇ ਲੋਕਾਂ ਵਿੱਚ ਪ੍ਰਬੰਧਕਾਂ ਅਤੇ ਮੇਨਟੇਨੈਂਸ ਏਜੰਸੀ ਖ਼ਿਲਾਫ਼ ਭਾਰੀ ਰੋਸ ਹੈ। ਲੋਕਾਂ ਦਾ ਦੋਸ਼ ਹੈ ਕਿ ਬਾਸਕਟਬਾਲ ਕੋਰਟ ਦਾ ਇਹ ਲੋਹੇ ਦਾ ਪੋਲ ਕਾਫ਼ੀ ਸਮੇਂ ਤੋਂ ਜੰਗਾਲਿਆ ਹੋਇਆ ਸੀ ਅਤੇ ਬਹੁਤ ਖ਼ਸਤਾਹਾਲ ਹਾਲਤ ਵਿੱਚ ਸੀ। ਇਸ ਤੋਂ ਇਲਾਵਾ ਪੋਲ ਨੂੰ ਜ਼ਮੀਨ ਹੇਠਾਂ ਸੀਮੈਂਟ/ਕੰਕਰੀਟ ਨਾਲ ਸਹੀ ਤਰੀਕੇ ਨਾਲ ਪੱਕਾ ਵੀ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਉਹ ਇੱਕ ਪਾਸੇ ਝੁਕਿਆ ਹੋਇਆ ਸੀ।
ਖੇਡ ਢਾਂਚੇ ਦੀ ਸੁਰੱਖਿਆ ਜਾਂਚ ਦੀ ਮੰਗ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੋਹਤਕ ਵਿੱਚ ਵੀ 750 ਕਿੱਲੋਗ੍ਰਾਮ ਦਾ ਬਾਸਕਟਬਾਲ ਪੋਲ ਡਿੱਗਣ ਕਾਰਨ ਰਾਸ਼ਟਰੀ ਖਿਡਾਰੀ ਹਾਰਦਿਕ ਦੀ ਮੌਤ ਹੋ ਚੁੱਕੀ ਹੈ, ਜਦਕਿ ਝੱਜਰ ਦੇ ਬਹਾਦਰਗੜ੍ਹ ਵਿੱਚ ਵੀ ਇੱਕ ਖਿਡਾਰੀ ਦੀ ਇਸੇ ਤਰ੍ਹਾਂ ਜਾਨ ਗਈ ਸੀ। ਉੱਥੇ ਹੀ, ਗੁਰੂਗ੍ਰਾਮ ਦੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਹਰਿਆਣਾ ਓਲੰਪਿਕ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ (ਡੀਸੀ) ਅਤੇ ਹਰਿਆਣਾ ਦੇ ਰਜਿਸਟ੍ਰਾਰ ਆਫ਼ ਸੁਸਾਇਟੀਜ਼ ਨੂੰ ਪੱਤਰ ਭੇਜ ਕੇ ਸਾਰੇ ਜਨਤਕ ਖੇਡ ਕੰਪਲੈਕਸਾਂ ਅਤੇ ਗਰੁੱਪ ਹਾਊਸਿੰਗ ਸੁਸਾਇਟੀਆਂ ਵਿੱਚ ਸਥਾਪਤ ਖੇਡ ਢਾਂਚੇ ਦੀ ਤੁਰੰਤ ਸੁਰੱਖਿਆ ਜਾਂਚ (ਸੇਫ਼ਟੀ ਆਡਿਟ) ਕਰਵਾਉਣ ਦੀ ਮੰਗ ਕੀਤੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article