ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਇਸ ਨੂੰ ਲੈਕੇ ਚੋਣ ਸਰਗਰਮੀਆਂ ਵੀ ਵੱਧ ਗਈਆਂ ਹਨ। ਆਗੂਆਂ ਦੀ ਦਲ-ਬਦਲੀ ਅਤੇ ਗਠਜੋੜ ਇਹ ਸ਼ਬਦ ਹੁਣ ਚੋਣਾਂ ਤੱਕ ਸੁਰਖੀਆਂ ਵਿਚ ਰਹਿਣ ਵਾਲੇ ਹਨ। ਇਸੇ ਵਿਚਾਲੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਰਾਜੂ ਦੇ ਇਕ ਦਾਅਵੇ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਦਰਅਸਲ ਜਗਮੋਹਨ ਸਿੰਘ ਰਾਜੂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਨੇ ਭਾਜਪਾ ਨਾਲ ਤਾਲਮੇਲ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਸਨ।
ਭਾਜਪਾ ਆਗੂ ਰਾਜੂ ਅਨੁਸਾਰ, ਅੰਮ੍ਰਿਤਪਾਲ ਸਿੰਘ ਦੇ ਪ੍ਰਤੀਨਿਧਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਭਾਵੀ ਗਠਜੋੜ ਦੇ ਵਿਕਲਪ ਤਲਾਸ਼ਣ ਲਈ ਕੁਝ ਮਹੀਨੇ ਪਹਿਲਾਂ ਉਨ੍ਹਾਂ ਨਾਲ “ਇੱਕ ਨਹੀਂ, ਸਗੋਂ ਕਈ ਵਾਰ” ਗੱਲਬਾਤ ਕੀਤੀ ਸੀ। ਰਾਜੂ ਨੇ ਅੱਗੇ ਕਿਹਾ, “ਉਨ੍ਹਾਂ ਦੇ ਵਕੀਲਾਂ ਨੇ ਮੈਨੂੰ ਮਿਲ ਕੇ ਭਾਜਪਾ ਨਾਲ ਸੰਭਾਵਿਤ ਸਿਆਸੀ ਗਠਜੋੜ ਦਾ ਮੁੱਦਾ ਉਠਾਇਆ ਸੀ। ਬਹਿਰਹਾਲ, ਸਾਡੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਲੇ ਹੀ ਲੜੇਗੀ।”




