- ਲੰਗਰ ਹਾਲ ਦੀ ਲੈਂਟਰ ਦੀਆਂ ਲੋਹੇ ਦੀਆਂ ਪਲੇਟਾਂ ਡਿੱਗਣ ਕਾਰਨ ਦੋ ਬੀਬੀਆਂ ਦੀ ਮੌਤ
- ਪੰਜ ਤੋਂ ਵੱਧ ਔਰਤਾਂ ਗੰਭੀਰ ਜਖਮੀ, ਗੁਰੂ ਰਾਮਦਾਸ ਹਸਪਤਾਲ ਵਿੱਚ ਇਲਾਜ ਜਾਰੀ
- ਕਾਰ ਸੇਵਾ ਦੌਰਾਨ ਵਾਪਰੀ ਘਟਨਾ ਨਾਲ ਸੰਗਤ ਵਿੱਚ ਸੋਗ ਦੀ ਲਹਿਰ
ਅੰਮ੍ਰਿਤਸਰ : ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਅੱਜ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਸੰਗਤ ਵਿੱਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਨਵੇਂ ਬਣ ਰਹੇ ਲੰਗਰ ਹਾਲ ਦੀ ਲੈਂਟਰ ਲਈ ਲਗਾਈਆਂ ਗਈਆਂ ਲੋਹੇ ਦੀਆਂ ਭਾਰੀ ਪਲੇਟਾਂ ਅਚਾਨਕ ਥੱਲੇ ਡਿੱਗ ਪਈਆਂ। ਉਸ ਸਮੇਂ ਹੇਠਾਂ ਬੈਠੀਆਂ ਬੀਬੀਆਂ ਚੌਪਹਿਰਾ ਕੱਟ ਰਹੀਆਂ ਸਨ ਅਤੇ ਸੇਵਾ ਕਰ ਰਹੀਆਂ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਚੀਖ ਪੁਕਾਰ ਮਚ ਗਈ।
ਇਸ ਹਾਦਸੇ ਵਿੱਚ ਦੋ ਔਰਤਾਂ ਦੀ ਦੁਖਦਾਈ ਮੌਤ ਹੋ ਗਈ, ਜਦਕਿ ਪੰਜ ਤੋਂ ਵੱਧ ਬੀਬੀਆਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ। ਜਖਮੀਆਂ ਨੂੰ ਤੁਰੰਤ ਸ਼੍ਰੀ ਗੁਰੂ ਰਾਮਦਾਸ ਅਤੇ ਮਾਤਾ ਕੌਲਾਂ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਜਖਮੀਆਂ ਦਾ ਇਲਾਜ ਜਾਰੀ ਹੈ ਅਤੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਬਹੁਮੰਜਲੀ ਪਾਰਕਿੰਗ ਅਤੇ ਨਵੇਂ ਲੰਗਰ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਕਾਰ ਸੇਵਾ ਦੀ ਜ਼ਿੰਮੇਵਾਰੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਨੂੰ ਸੌਂਪੀ ਗਈ ਸੀ। ਹਾਦਸੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ ਕਿਉਂਕਿ ਹਰ ਐਤਵਾਰ ਇਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ।
ਘਟਨਾ ਦੌਰਾਨ ਜਖਮੀ ਹੋਈਆਂ ਬੀਬੀਆਂ ਨੇ ਦੱਸਿਆ ਕਿ ਉਹ ਅਜਨਾਲਾ ਅਤੇ ਚਮਿਆਰੀ ਸਮੇਤ ਵੱਖ-ਵੱਖ ਪਿੰਡਾਂ ਤੋਂ ਚੌਪਹਿਰਾ ਕੱਟਣ ਲਈ ਆਈਆਂ ਸਨ। ਇੱਕ ਮਹਿਲਾ ਨੇ ਦੱਸਿਆ ਕਿ ਅਚਾਨਕ ਜ਼ੋਰ ਦੀ ਆਵਾਜ਼ ਆਈ ਅਤੇ ਉਸ ਨੂੰ ਚੱਕਰ ਆ ਗਿਆ, ਜਿਸ ਤੋਂ ਬਾਅਦ ਉਹ ਥੱਲੇ ਡਿੱਗ ਪਈ। ਦੂਜੀ ਮਹਿਲਾ ਨੇ ਕਿਹਾ ਕਿ ਉਸ ਦੀ ਬਾਂਹ ‘ਤੇ ਗੰਭੀਰ ਸੱਟ ਲੱਗੀ ਅਤੇ ਉਸ ਨੂੰ 12 ਟਾਂਕੇ ਲਗੇ ਹਨ।
ਮੌਕੇ ‘ਤੇ ਪਹੁੰਚੀ ਏ ਡੀਸੀਪੀ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਸਾਰੇ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਦੀ ਟੀਮ ਤੁਰੰਤ ਸੇਵਾ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਭੀੜ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਬਾਹਰ ਰਹਿਣ ਦੀ ਅਪੀਲ ਕੀਤੀ ਗਈ ਤਾਂ ਜੋ ਜਖਮੀਆਂ ਦਾ ਇਲਾਜ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ।
ਇਸ ਦੁਖਦਾਈ ਹਾਦਸੇ ਤੋਂ ਬਾਅਦ ਸੰਗਤ ਅਤੇ ਇਲਾਕੇ ਦੇ ਲੋਕਾਂ ਵਿੱਚ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਮ੍ਰਿਤਕ ਬੀਬੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਅਤੇ ਜਖਮੀਆਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕੀਤੀ ਜਾ ਰਹੀ ਹੈ।




