ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਸ਼ੁਕਰਾਨਾ ਯਾਤਰਾ’ ਦੇ ਤਹਿਤ ਅੱਜ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਰਾਜ ਦੀ ਤਰੱਕੀ ਤੇ ਖੁਸ਼ਹਾਲੀ ਲਈ ਸ਼ੁਕਰਾਨਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਸਜ਼ਾ ਸਬੰਧੀ ਕਾਨੂੰਨ ਵਿੱਚ ਜੋ ਸੋਧ ਕੀਤੀ ਗਈ ਹੈ, ਉਹ ਸੇਵਾ ਗੁਰੂ ਮਹਾਰਾਜ ਨੇ ਉਨ੍ਹਾਂ ਤੋਂ ਲਈ ਹੈ। ਉਨ੍ਹਾਂ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਵਿਧਾਨ ਸਭਾ ਵਿੱਚ ਪਾਸ ਕੀਤੇ ਇਸ ਬਿੱਲ ਨੂੰ ਰਾਜਪਾਲ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਲੋਕਾਂ ਵੱਲੋਂ ਵੀ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਅਰਦਾਸ ਕੀਤੀ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਲੋਕਾਂ ਅਤੇ ਗੁਰੂ ਘਰ ਦੀ ਸੇਵਾ ਕਰਦੇ ਰਹਿਣ।
ED ਦੀਆਂ ਕਾਰਵਾਈਆਂ ‘ਤੇ ਬੋਲਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਜਾਂ ਉਨ੍ਹਾਂ ਦੀ ਸਰਕਾਰ ਦਾ ਇਨ੍ਹਾਂ ਰੇਡਾਂ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਰੇਡ ਇੱਕ ਨਿੱਜੀ ਕੰਪਨੀ ‘ਤੇ ਹੈ ਅਤੇ ਸਾਡਾ ਕੋਈ ਵੀ ਬੰਦਾ ਇਸ ਵਿੱਚ ਸ਼ਾਮਲ ਨਹੀਂ ਹੈ। SGPC ਚੋਣਾਂ ਵਿੱਚ ਹੋ ਰਹੀ ਦੇਰੀ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਨਾ ਕਰਵਾਉਣਾ SGPC ਦੇ ‘ਆਕਾਵਾਂ’ ਦੀ ਮਨਸ਼ਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਉਹ ਲੋਕ ਖੁਦ ਸ਼ਾਮਲ ਹਨ, ਜਿਸ ਕਾਰਨ ਉਹ ਕਾਨੂੰਨ ਨੂੰ ਮੰਨਣ ਤੋਂ ਇਨਕਾਰੀ ਹਨ।




