ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਛੇ ਰਾਜ ਸਭਾ ਸੰਸਦ ਮੈਂਬਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਬਣੇ ਹਾਲਾਤਾਂ ਦੇ ਵਿਚਕਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਹ ਵਿਧਾਇਕਾਂ ਨਾਲ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਮੁਲਾਕਾਤ ਦੁਪਹਿਰ 12 ਵਜੇ ਹੋਵੇਗੀ। ਇਸ ਦੌਰਾਨ ਉਹ ਪਾਰਟੀ ਛੱਡ ਕੇ ਗਏ ਸੰਸਦ ਮੈਂਬਰਾਂ ਦੇ ਖ਼ਿਲਾਫ਼ ਰਾਈਟ ਟੂ ਰੀਕਾਲ ਦੀ ਮੰਗ ਉਠਾਉਣਗੇ।
ਦੂਜੇ ਪਾਸੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਦੌਰੇ ‘ਤੇ ਤੰਜ਼ ਕਸਿਆ। ਉਨ੍ਹਾਂ ਕਿਹਾ ਕਿ ਸੁਣਿਆ ਹੈ ਸੀਐਮ ਵੋਲਵੋ ਬੱਸਾਂ ਵਿਚ ਦਿੱਲੀ ਜਾ ਰਹੇ ਹਨ। ਸੀਐਮ ਨੂੰ ਧਿਆਨ ਰੱਖਣਾ ਹੋਵੇਗਾ ਕਿ ਕਿਤੇ ਵਿਧਾਇਕਾਂ ਦੀਆਂ ਬੱਸਾਂ ਭਾਜਪਾ ਦਫ਼ਤਰ ਵੱਲ ਨਾ ਮੁੜ ਜਾਣ।
ਮੁੱਖ ਮੰਤਰੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਯੋਜਨਾ ਪਹਿਲਾਂ ਤੋਂ ਹੀ ਤੈਅ ਸੀ। ਜਦੋਂ ਰਾਸ਼ਟਰਪਤੀ ਹਿਮਾਚਲ ਦੌਰੇ ‘ਤੇ ਗਏ ਸਨ, ਉਸ ਵੇਲੇ ਮੁੱਖ ਮੰਤਰੀ ਨੇ ਮਿਲਣ ਲਈ ਸਮਾਂ ਮੰਗਿਆ ਸੀ। ਪਰ ਉਨ੍ਹਾਂ ਤੋਂ ਪਹਿਲਾਂ ਪਾਰਟੀ ਛੱਡਣ ਵਾਲੇ ਰਾਘਵ ਚੱਢਾ ਰਾਸ਼ਟਰਪਤੀ ਨਾਲ ਮਿਲਣਗੇ। ਉਨ੍ਹਾਂ ਨੂੰ ਸਵੇਰੇ 10:40 ਵਜੇ ਦਾ ਸਮਾਂ ਮਿਲਿਆ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 12 ਵਜੇ ਮਿਲਣਗੇ। ਇਸ ਮੁਲਾਕਾਤ ਲਈ ਸਾਰੇ ਵਿਧਾਇਕ ਤਿੰਨ ਬੱਸਾਂ ਵਿੱਚ ਰਵਾਨਾ ਹੋਏ ਹਨ।




