ਪੰਜਾਬ ਦੇ ਲੁਧਿਆਣਾ ਦੇ ਸੈਕਟਰ 32 ਸਥਿਤ BCM ਸਕੂਲ ਵਿੱਚ ਅੱਜ ਭਾਰੀ ਹੰਗਾਮਾ ਹੋਇਆ। ਸਕੂਲ ਦੇ ਅੰਦਰ ਬੱਸ ਦੂਜੀ ਜਮਾਤ ਦੀ ਵਿਦਿਆਰਥਣ ਦੇ ਉੱਪਰ ਚੜ੍ਹ ਗਈ। ਬੱਚੀ ਕਿਨ੍ਹਾਂ ਹਾਲਾਤਾਂ ‘ਚ ਬੱਸ ਦੇ ਹੇਠਾਂ ਆਈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਕਈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਤਾਂ ਦੇਖਿਆ ਕਿ ਬੱਚੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ।
ਬੱਚੀ ਦੀਆਂ ਅੱਖਾਂ ਬਾਹਰ ਆਈਆਂ ਹੋਈਆਂ ਸਨ ਅਤੇ ਉਸਦੇ ਚਿਹਰੇ ‘ਤੇ ਬੱਸ ਦੇ ਟਾਇਰ ਦੇ ਨਿਸ਼ਾਨ ਸਨ। ਲੋਕਾਂ ਮੁਤਾਬਕ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਮਾਇਰਾ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ।
ਬੱਚੀ ਦੇ ਰਿਸ਼ਤੇਦਾਰ ਨੇ ਸਵੇਰੇ ਦੱਸਿਆ ਕਿ ਅਮਾਇਰਾ ਦੇ ਪਿਤਾ ਅਨੁਰਾਗ ਆਰਐਂਡਡੀ ਸਕੂਲ ਦੇ ਪ੍ਰਿੰਸੀਪਲ ਹਨ। ਉਸ ਨੇ ਜਾ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਹੁਣ ਸਕੂਲ ਪ੍ਰਸ਼ਾਸਨ ਗੇਟ ਨਹੀਂ ਖੋਲ੍ਹ ਰਿਹਾ। ਪਰਿਵਾਰਕ ਮੈਂਬਰਾਂ ਵਿੱਚ ਸਕੂਲ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਹੈ। ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਭੁਪਿੰਦਰ ਸਿੰਘ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਪੁਲਿਸ ਮੁਤਾਬਕ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਹਾਦਸਾ ਕਿਵੇਂ ਵਾਪਰਿਆ।