ਪੰਜਾਬੀ ਕਲਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਆਪਣੇ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਪਹੁੰਚੇ। ਇੱਥੇ ਉਨ੍ਹਾਂ ਨੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ।
ਦਿਲਜੀਤ ਨੇ ਸਖ਼ਤ ਸੁਰੱਖਿਆ ਹੇਠ ਗੁਰੂ ਘਰ ਵਿਖੇ ਕੀਰਤਨ ਸਰਵਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਰ ਝੁਕਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਸਰਹਿੰਦ ਦੀ ਕੰਧ ਦਾ ਵੀ ਦੌਰਾ ਕੀਤਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਚਿਣਵਾਇਆ ਗਿਆ ਸੀ।ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਕੇ ਦਿਲਜੀਤ ਵੀ ਭਾਵੁਕ ਨਜ਼ਰ ਆਏ।
ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ ਫਤਿਹਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਕਰਵਾਇਆ ਜਾਂਦਾ ਹੈ। ਇਸ ਵਾਰ 25 ਤੋਂ 27 ਦਸੰਬਰ ਤੱਕ ਸ਼ਹੀਦੀ ਸਮਾਗਮ ਹੋਵੇਗਾ। ਦੇਸ਼-ਵਿਦੇਸ਼ ਤੋਂ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ। ਇਨ੍ਹੀਂ ਦਿਨੀਂ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਸਮੇਤ ਕਈ ਸਿਆਸਤਦਾਨ ਵੀ ਇਸ ਧਰਤੀ ‘ਤੇ ਮੱਥਾ ਟੇਕਣ ਲਈ ਆਉਂਦੇ ਹਨ।