Thursday, September 19, 2024
spot_img

ਵਿਸ਼ਵ ਇਤਿਹਾਸ ਦੀਆਂ ਕਿਤਾਬਾਂ ‘ਚ ਪੰਜਾਬ ਨੂੰ ਮੰਨਿਆ ਗਿਆ ਵਿਸ਼ਵ ਸੱਭਿਅਤਾ ਦਾ ਪੰਘੂੜਾ

Must read

ਲੁਧਿਆਣਾ, 29 ਜੁਲਾਈ : ਪੰਜਾਬ ਸਰਕਾਰ ਵਿੱਚ ਸੀਨੀਅਰ ਆਈ ਏ ਐੱਸ ਅਧਿਕਾਰੀ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਪ੍ਰਿੰਸੀਪਲ ਸਕੱਤਰ, ਫੂਡ ਪ੍ਰਾਸੈੱਸਿੰਗ  ਨੇ ਬੀਤੀ ਸ਼ਾਮ ਲੁਧਿਆਣਾ ਦੀ ਸਿਰਮੌਰ ਸੱਭਿਆਚਾਰਕ ਸੰਸਥਾ “ਆਫ਼ਰੀਨ”ਵੱਲੋਂ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਵਿਖੇ ਕਰਵਾਏ ਸੰਗੀਤਕ ਪ੍ਰੋਗ੍ਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਵਿਸ਼ਵ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੰਜਾਬ ਨੂੰ ਵਿਸ਼ਵ ਸੱਭਿਅਤਾ ਦਾ ਪੰਘੂੜਾ ਕਿਹਾ ਜਾਂਦਾ ਹੈ ਕਿਉਂਕਿ ਧਰਤੀ ਦਾ ਪਹਿਲਾ ਗ੍ਰੰਥ “ਰਿਗ ਵੇਦ” ਵੀ ਪੰਜਾਬ ਵਿੱਚ ਲਿਖਿਆ ਗਿਆ।  ਰਾਮਾਇਣ ਤੇ ਮਹਾਂਭਾਰਤ ਦੀ ਕਰਮਭੂਮੀ ਤੇ ਸਿਰਜਣ ਭੂਮੀ ਪੰਜਾਬ ਬਣਿਆ ਅਤੇ ਮਾਨਵਤਾ ਨੂੰ ਸਰਬੱਤ ਦਾ ਭਲਾ ਦਾ ਸੰਦੇਸ਼ ਦੇਣ ਵਾਲਾ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸਿਰਜਣਾ ਤੇ ਸ਼ਬਦ ਗੁਰੂ ਵਜੋਂ ਸਥਾਪਨਾ ਵੀ ਏਥੇ ਹੀ ਹੋਈ। ਸੰਗੀਤ , ਪੇਂਟਿੰਗ ਤੇ ਕੋਮਲ ਕਲਾਵਾਂ ਦੇ ਵੱਖ ਵੱਖ ਖੇਤਰਾਂ ਵਿੱਚ ਪੰਜਾਬ ਨੇ ਲੰਮਾ ਸਮਾਂ ਆਪਣੀ ਸਰਵੋਤਮਤਾ ਕਾਇਮ ਰੱਖੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਅਰਸੇ ਤੋਂ ਪੰਜਾਬੀਆਂ ਨੇ ਆਪਣਾ  ਉਹ ਸਰਵੋਤਮ ਰੁਤਬਾ ਮੱਧਮ ਪਾ ਲਿਆ ਹੈ ਜਿਸਨੂੰ ਸਾਂਝੇ ਯਤਨਾਂ ਨਾਲ ਫਿਰ ਸਿਖਰ ਤੇ ਪਹੁੰਚਾਉਣ ਦੀ ਜ਼ਰੂਰਤ ਹੈ। ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਜਗਜੀਤ ਸਿੰਘ ਜੀ ਦੀ ਗਾਈ ਇੱਕ ਗ਼ਜ਼ਲ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਲਿਆ। ਪੰਜਾਬ ਦੇ ਸੀਨੀਅਰ ਬਿਉਰੋਕਰੇਟ ਤੇ ਪੰਜਾਬ ਸਰਕਾਰ ਵਿੱਚ ਪ੍ਰਿੰਸੀਪਲ ਸਕੱਤਰ ਵਜੋਂ ਕਾਰਜਸ਼ੀਲ ਸ਼੍ਰੀ ਰਾਹੁਲ ਭੰਡਾਰੀ ਨੇ ਵੀ “ਆਫ਼ਰੀਨ “ ਵੱਲੋਂ ਕਰਵਾਏ ਸੰਗੀਤਕ ਪ੍ਰੋਗ੍ਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਪੰਜਾਬ ਦੀ ਆਰਥਿਕ ਰਾਜਧਾਨੀ ਹੈ ਅਤੇ ਇਸ ਨੂੰ ਸਾਂਝੇ ਯਤਨਾਂ ਨਾਲ ਸੱਭਿਆਚਾਰਕ ਰਾਜਧਾਨੀ ਵੀ ਬਣਾਇਆ ਜਾ ਸਕਦਾ ਹੈ। ਸ਼੍ਰੀ ਅਰੁਣ ਸ਼ਰਮਾ ਦੀ ਅਗਵਾਈ ਹੇਠ ਮੈਂਬਰਾਂ ਨੇ ਮੁੱਖ ਮਹਿਮਾਨ ਰਾਖੀ ਗੁਪਤਾ ਭੰਡਾਰੀ, ਸ਼੍ਰੀ ਰਾਹੁਲ ਭੰਡਾਰੀ ਤੇ ਵਿਸ਼ੇਸ਼ ਮਹਿਮਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਨੂੰ ਕਿਹਾ ਗਿਆ। ਆਏ ਮਹਿਮਾਨਾਂ ਤੇ “ਆਫ਼ਰੀਨ”ਦੇ ਸਮੂਹ ਮੈਂਬਰਾਂ ਨੂੰ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਸੰਪੂਰਨ ਗ਼ਜ਼ਲ ਪੁਸਤਕ “ਅੱਖਰ ਅੱਖਰ” ਦੀਆਂ ਕਾਪੀਆਂ ਭੇਂਟ ਕੀਤੀਆਂ ਗਈਆਂ।

ਸਮਾਗਮ ਦੇ ਆਰੰਭਕ ਸੁਆਗਤੀ ਸ਼ਬਦ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੁਧਿਆਣਾ ਕਦੇ ਸੱਭਿਆਚਾਰਕ ਪੱਖੋਂ ਬਹੁਤ ਅਮੀਰ ਸ਼ਹਿਰ ਸੀ। ਏਥੇ ਭਾਈ ਸਾਹਿਬ ਭਾਈ ਜੋਧ ਸਿੰਘ, ਡਾ. ਮ ਸ ਰੰਧਾਵਾ, ਪ੍ਰੋ. ਮੋਹਨ ਸਿੰਘ, ਕੁਲਵੰਤ ਸਿੰਘ ਵਿਰਕ, ਸੋਹਣ ਸਿੰਘ ਸੀਤਲ,ਅਜਾਇਬ ਚਿਤਰਕਾਰ, ਪ੍ਰੋ. ਸ ਸ ਨਰੂਲਾ,ਤੇ ਸੁਰਜੀਤ ਪਾਤਰ ਵਰਗੇ ਲੇਖਕ ਵੱਸਦੇ ਸਨ। ਲਾਲ ਚੰਦ ਯਮਲਾ ਜੱਟ, ਨਰਿੰਦਰ ਬੀਬਾ, ਜਗਮੋਹਨ ਕੌਰ, ਚਾਂਦੀ ਰਾਮ ਤੇ ਸੁਰਿੰਦਰ ਸ਼ਿੰਦਾ ਵਰਗੇ ਗਾਇਕ ਤੇ ਉਸਤਾਦ ਜਸਵੰਤ ਭੰਵਰਾ ਵਰਗੇ ਸੰਗੀਤ ਮਾਰਤੰਡ ਵੱਸਦੇ ਸਨ ਪਰ ਅੱਜ ਉਹ ਲੁਧਿਆਣਾ ਹੁਣ “ਬੇ ਚਿਹਰਾ “ ਹੋ ਗਿਆ ਹੈ। “ਅਫ਼ਰੀਨ”ਵਿੱਚ ਸਭ ਖੇਤਰਾਂ ਦੇ ਸ਼ਾਹ ਸਵਾਰ ਸ਼ਾਮਿਲ ਹਨ। ਨਵੇਂ ਕਲਾਕਾਰਾਂ ਦੀ ਸਰਪ੍ਰਸਤੀ ਕਰਕੇ ਉਹ ਗੁਆਚੀ ਸ਼ਾਨ ਮੁੜ ਬਹਾਲ ਕੀਤੀ ਜਾ ਸਕਦੀ ਹੈ। ਇਸ ਮੌਕੇ ਆਫ਼ਰੀਨ ਦੇ ਸਮੂਹ ਕਲਾਕਾਰ ਮੈਬਰਾਂ ਨੇ ਬਹੁਤ ਸੁਰੀਲੇ ਅੰਦਾਜ਼ ਵਿੱਚ ਆਪੋ ਆਪਣੀ ਸੰਗੀਤਕ ਪੇਸ਼ਕਾਰੀ ਕੀਤੀ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਰਾਜਿੰਦਰ ਬਾਂਸਲ,ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਅਮਨ ਸੰਧੂ, ਡਾ. ਸੰਜੀਵ ਉੱਪਲ, ਡਾ. ਨਿਤਿਨ, ਪੁਰਸ਼ੋਤਮ ਸਿੰਗਲਾ, ਪ੍ਰੋ. ਪ੍ਰਿਤਪਾਲ ਸਿੰਘ ਸੇਠੀ ਸਮੇਤ ਸ਼ਹਿਰ ਦੀਆਂ ਸਿਰਕੱਢ ਸ਼ਖ਼ਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਸ਼੍ਰੀ ਕਰਨ ਲਾਂਬਾ ਜੀ ਨੇ ਬਹੁਤ ਜੀਵੰਤ ਅੰਦਾਜ਼ ਵਿੱਚ ਕੀਤਾ।  ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਰਨ ਕੰਵਲ ਸਿੰਘ ਨੇ ਮੁੱਖ  ਮਹਿਮਾਨ, ਸਮਾਗਮ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਤੇ ਪ੍ਰਬੰਧਕਾ ਦਾ ਧੰਨਵਾਦ ਕੀਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article