ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ 22 ਜਨਵਰੀ : ਸੀ ਆਰ ਏ 295/19 ਤਹਿਤ ਭਰਤੀ ਹੋਏ ਸਹਾਇਕ ਲਾਈਨਮੈਨਾਂ ਚੋਂ 25 ਸਹਾਇਕ ਲਾਈਨਮੈਨਾਂ ਨੂੰ ਬਿਜਲੀ ਬੋਰਡ ਦੀ ਮਨੇਜਮੈਂਟ ਨੇ ਬਿਨ੍ਹਾਂ ਕੋਈ ਨੋਟਿਸ ਦਿੱਤੇ ਬਰਖਾਸਤ ਕਰ ਦਿੱਤਾ। ਜਿਸਦੇ ਵਿਰੋਧ ਵਿੱਚ ਬਿਜਲੀ ਏਕਤਾ ਮੰਚ ਵੱਲੋਂ ਡਵੀਜ਼ਨ ਪੱਧਰ ਤੇ ਪੰਜਾਬ ਭਰ ਵਿੱਚ ਅਰਥੀ ਫੂਕ ਮੁਜਾਹਰਿਆਂ ਦਾ ਪ੍ਰੋਗਰਾਮ ਦਿੱਤਾ ਗਿਆ। ਇਸ ਉੱਤੇ ਪਹਿਰਾ ਦਿੰਦਿਆਂ ਸੁੰਦਰ ਨਗਰ ਡਵੀਜ਼ਨ ਦੇ ਮੁੱਖ ਗੇਟ ਅੱਗੇ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਅਗਵਾਈ ਹੇਠ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੀ ਅਰਥੀ ਫੂਕੀ। ਇਸ ਬਾਰੇ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਇੱਕ ਪਾਸੇ ਬਿਜਲੀ ਬੋਰਡ ਦੀ ਮਨੇਜਮੈਂਟ ਸਟੇਟਸ ਕੋਅ ਦਾ ਬਹਾਨਾ ਬਣਾ ਕੇ 3 ਦਾ ਪਰਖ ਕਾਲ ਸਮੇਂ ਪੂਰਾ ਹੋਣ ਤੋਂ ਬਾਅਦ ਵੀ 11 ਮਹੀਨਿਆਂ ਤੋਂ ਤਨਖਾਹ ਨਹੀਂ ਬਣਾ ਰਹੀ ਅਤੇ ਦੂਜੇ ਪਾਸੇ ਉਸੇ ਸਟੇਟਸ ਕੋਅ ਦੇ ਸਮੇਂ ਵਿੱਚ 25 ਸਾਥੀਆਂ ਨੂੰ ਬਰਖਾਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਟੇਟਸ ਕੋਅ ਤਹਿਤ ਨਾ ਕੋਈ ਰੱਖਿਆ ਜਾ ਸਕਦਾ ਤੇ ਨਾ ਕੋਈ ਕੱਢਿਆ ਜਾ ਸਕਦਾ ਫੇਰ ਪੰਜਾਬ ਸਰਕਾਰ ਅਤੇ ਮਨੇਜਮੈਂਟ ਕਿਉਂ ਤਾਨਾਸ਼ਾਹੀ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਤਜੁਰਬਾ ਸਰਟੀਫਿਕੇਟਾਂ ਕਾਰਨ ਦਰਜ ਹੋਏ ਪਰਚਿਆਂ ਦਾ ਸਵਾਲ ਹੈ ਉਹ ਵੀ ਬਿਜਲੀ ਬੋਰਡ ਦੀ ਮਨੇਜਮੈਂਟ ਦੀ ਅਣਗਹਿਲੀ ਕਾਰਨ ਹੋਏ ਹਨ। ਉਸ ਵਿੱਚ ਸਾਡੇ ਸਾਰੇ ਸਾਥੀ ਸਹੀ ਹਨ। ਬਿਜਲੀ ਬੋਰਡ ਦੀ ਭਰਤੀ ਟੀਮ ਸਾਡੇ ਸਾਥੀਆਂ ਦੇ ਤਜੁਰਬਾ ਸਰਟੀਫਿਕੇਟ ਜਾਂਚਣ ਤੋਂ ਬਾਅਦ ਸਾਨੂੰ ਨਿਯੁਕਤੀ ਪੱਤਰ ਦਿੰਦੀ। ਜੇਕਰ ਭਰਤੀ ਬੋਰਡ ਟੀਮ ਪਹਿਲਾਂ ਜਾਂਚ ਕਰ ਲੈਂਦੀ ਤਾਂ ਸਾਡੇ ਕਿਸੇ ਵੀ ਸਾਥੀ ਉੱਤੇ ਪਰਚਾ ਦਰਜ ਨਹੀਂ ਸੀ ਹੋਣਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ 2020 ਵਿੱਚ ਐਫ ਆਈ ਆਰ ਹੋਈ ਸੀ ਅਤੇ 3 ਸਾਲ ਤੋਂ ਜਿਆਦਾ ਸਮਾਂ ਬੀਤ ਜਾਣ ਤੇ ਵੀ ਬਿਜਲੀ ਬੋਰਡ ਦੀ ਮਨੇਜਮੈਂਟ ਦੀ ਮੁੜ ਅਣਗਹਿਲੀ ਕਾਰਨ ਅਜੇ ਤੱਕ ਜਾਂਚ ਨੇਪਰੇ ਨਹੀਂ ਚੜ੍ਹੀ। ਉਨ੍ਹਾਂ ਕਿਹਾ ਕਿ ਹੁਣ ਅਸੀਂ ਹੋਰ ਬਰਦਾਸ਼ਤ ਨਹੀਂ ਕਰਾਂਗੇ ਅਤੇ ਜੇਕਰ ਸਾਡੇ ਬਰਖਾਸਤ ਕੀਤੇ 25 ਸਾਥੀ ਬਹਾਲ ਨਾ ਕੀਤੇ ਤਾਂ ਅਸੀਂ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮਨੇਜਮੈਂਟ ਖਿਲਾਫ ਤਿੱਖਾ ਸੰਘਰਸ਼ ਵਿੱਢਣ ਤੋਂ ਗ਼ੁਰੇਜ਼ ਨਹੀਂ ਕਰਾਂਗੇ। ਇਸ ਮੌਕੇ ਕੇਵਲ ਸਿੰਘ ਬਨਵੈਤ ਸਾਬਕਾ ਸਰਕਲ ਪ੍ਰਧਾਨ ਅਤੇ ਮੇਵਾ ਸਿੰਘ ਸਾਬਕਾ ਡਵੀਜ਼ਨ ਪ੍ਰਧਾਨ ਤੋਂ ਇਲਾਵਾ ਟੀਐਸਯੂ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਅਤੇ ਸਰਕਲ ਪ੍ਰਧਾਨ ਧਰਮਿੰਦਰ ਕੁਮਾਰ ਨੇ ਵੀ ਬਹਾਲੀ ਦੀ ਮੰਗ ਕੀਤੀ। ਇਸ ਮੌਕੇ ਕਰਤਾਰ ਸਿੰਘ, ਹਿਰਦੇ ਰਾਮ, ਦੀਪਕ ਕੁਮਾਰ, ਅਮਰਜੀਤ ਸਿੰਘ, ਰਾਮ ਅਵਧ, ਪ੍ਰਕਾਸ਼ ਕੁਮਾਰ, ਬਹਾਦਰ ਸਿੰਘ, ਹਰਪ੍ਰੀਤ ਸਿੰਘ, ਰਘਵੀਰ ਸਿੰਘ, ਕਮਲਜੀਤ ਸਿੰਘ, ਕਮਲਦੀਪ ਸਿੰਘ, ਓਮੇਸ਼ ਕੁਮਾਰ, ਅਨਿਲ ਕੁਮਾਰ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।