ਨਵੇਂ ਸਾਲ ਦੇ ਮੌਕੇ ‘ਤੇ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਆਪਣੀ ਪਤਨੀ ਮਾਨਾ ਸ਼ੈੱਟੀ ਨਾਲ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਤਾਰੀਫ਼ ਕੀਤੀ।
ਸੁਨੀਲ ਸ਼ੈੱਟੀ ਹਰ ਸਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਹਨ। ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਹੁੰਦਾ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ 2 ਤਰੀਕ ਨੂੰ ਆਏ ਹਾਂ ਇਸ ਲਈ ਹੁਣ ਪੂਰਾ ਸਾਲ ਚੰਗਾ ਗੁਜਰੇਗਾ। ਸੁਨੀਲ ਸ਼ੈਟੀ ਨੇ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ, ਫਿਰ ਅਰਦਾਸ ਕੀਤੀ ਅਤੇ ਫਿਰ ਕੀਰਤਨ ਸਰਵਣ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਬਾਹਰ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿਚਵਾਈਆਂ।
ਸੁਨੀਲ ਸ਼ੈਟੀ ਨੇ ਦੱਸਿਆ ਕਿ ਉਹ ਹਰ ਸਾਲ ਮੱਥਾ ਟੇਕਣ ਆਉਂਦੇ ਹਨ। ਇੱਥੇ ਆ ਕੇ ਉਹ ਬਹੁਤ ਚੰਗਾ ਮਹਿਸੂਸ ਕਰਦੇ ਹਨ ਅਤੇ ਸਕੂਨ ਮਿਲਦਾ ਹੈ। ਅੱਜ ਵੀ ਉਹ ਗੁਰੂ ਅੱਗੇ ਮੱਥਾ ਟੇਕਣ ਆਏ ਸੀ। ਆਪਣੇ ਕਰੀਅਰ ਬਾਰੇ ਜਾਣਕਾਰੀ ਦਿੰਦਿਆਂ ਉਸ ਨੇ ਕਿਹਾ ਕਿ ਪੰਜਾਬੀ ਗੀਤ ਅਤੇ ਫ਼ਿਲਮਾਂ ਹਰ ਪਾਸੇ ਤਰੰਗਾਂ ਮਚਾ ਰਹੀਆਂ ਹਨ ਅਤੇ ਜੇਕਰ ਉਸ ਨੂੰ ਕਿਤੇ ਕੋਈ ਚੰਗਾ ਪ੍ਰੋਜੈਕਟ ਮਿਲਦਾ ਹੈ ਤਾਂ ਉਹ ਪੰਜਾਬੀ ਇੰਡਸਟਰੀ ਵਿੱਚ ਕੰਮ ਕਰਨਾ ਜ਼ਰੂਰ ਪਸੰਦ ਕਰਨਗੇ। ਇਸ ਦੌਰਾਨ ਸੁਨੀਲ ਸ਼ੈਟੀ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਦਿਲਜੀਤ ਬਹੁਤ ਵਧੀਆ ਕੰਮ ਕਰ ਰਿਹਾ ਹੈ।