ਲੁਧਿਆਣਾ,14 ਅਗਸਤ : ਸਰਾਫਾ ਬਾਜ਼ਾਰ ‘ਚ ਇਕ ਸੁਨਿਆਰੇ ਦੀ ਦੁਕਾਨ ‘ਚੋਂ ਸੋਨਾ ਚੋਰੀ ਹੋ ਗਿਆ। ਜਿਸ ਦਾ ਖੁਲਾਸਾ CCTV ਦੀ ਫੁਟੇਜ ਤੋਂ ਹੋਇਆ, ਫੁਟੇਜ ‘ਚ ਸਰਾਫਾ ਬਾਜ਼ਾਰ ਦੀਆਂ ਨਾਲੀਆਂ ਦੀ ਸਫਾਈ ਕਰ ਰਿਹਾ ਸਫਾਈ ਕਰਮਚਾਰੀ ਸਵੇਰੇ ਕਰੀਬ 6 ਵਜੇ ਇਕ ਇਮਾਰਤ ਦਾ ਸ਼ਟਰ ਚੁੱਕ ਕੇ ਅੰਦਰ ਦਾਖਲ ਹੋਇਆ ਦਿਖਾਈ ਦੇ ਰਿਹਾ ਹੈ। ਚੋਰ ਨੇ ਤੀਜੀ ਮੰਜ਼ਿਲ ਤੋਂ ਸੋਨੇ ਦੀ ਰਹਿੰਦ ਖੂਹੰਦ ਨਾਲ ਭਰਿਆ ਜੱਗ ਚੋਰੀ ਕਰ ਲਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਛਾਉਣੀ ਮੁਹੱਲੇ ਰਹਿਣ ਵਾਲੇ ਦੁਕਾਨਦਾਰ ਜਿਆਰੁਲ ਸ਼ੇਖ ਨੇ ਦੱਸਿਆ ਕਿ ਉਸ ਦੇ ਦੋ ਕਰਮਚਾਰੀ ਦੁਕਾਨ ਵਿੱਚ ਸੌਂਦੇ ਹਨ। ਦੋਵੇਂ ਮੁਲਾਜ਼ਮ ਕਰੀਬ 17 ਸਾਲਾਂ ਤੋਂ ਕੰਮ ਕਰ ਰਹੇ ਹਨ। ਕੱਲ੍ਹ ਸਵੇਰੇ 5.50 ਵਜੇ ਇੱਕ ਮੁਲਾਜ਼ਮ ਸ਼ੌਚ ਲਈ ਗਿਆ ਸੀ ਅਤੇ ਦੂਜਾ ਕਮਰੇ ਵਿੱਚ ਸੌਂ ਰਿਹਾ ਸੀ।
ਜਿਆਰੁਲ ਨੇ ਦੱਸਿਆ ਕਿ ਸਾਹਮਣੇ ਛੱਤ ਤੋਂ ਨਾਲੀਆਂ ਦੀ ਸਫਾਈ ਕਰ ਰਹੇ ਨੌਜਵਾਨ ਨੇ ਉਸ ਦੀ ਦੁਕਾਨ ਦੇ ਅੰਦਰ ਪਿਆ ਜੱਗ ਚੋਰੀ ਕਰ ਲਿਆ। ਦੁਕਾਨ ਵਿੱਚ ਝਾੜੂ ਆਦਿ ਕਰਨ ਤੋਂ ਬਾਅਦ ਜੋ ਸੋਨਾ ਰਹਿੰਦ ਖੂਹੰਦ ਹੁੰਦਾ ਹੈ, ਉਹ ਉਸ ਜੱਗ ਵਿੱਚ ਇਕੱਠਾ ਕੀਤਾ ਜਾਂਦਾ ਸੀ। ਇਹੀ ਵਿਅਕਤੀ ਪਹਿਲਾਂ ਵੀ ਦੋ ਵਾਰ ਚੋਰੀ ਕਰ ਚੁੱਕਾ ਹੈ। ਇਸ ਵਾਰ 30 ਗ੍ਰਾਮ ਤੋਂ ਵੱਧ ਸੋਨਾ ਹੈ। ਜਿਸ ਦੀ ਕੀਮਤ 2 ਲੱਖ ਤੋਂ ਵੱਧ ਹੈ। ਸੀਸੀਟੀਵੀ ਫੁਟੇਜ ਵਿੱਚ ਚੋਰ ਗਹਿਣੇ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਏਐਸਆਈ ਕੁਲਬੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।