ਸ਼੍ਰੋਮਣੀ ਅਕਾਲੀ ਦਲ ਨੂੰ ਉੱਪ ਚੋਣਾਂ ਤੋਂ ਪਹਿਲਾਂ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਵਿਧਾਇਕ ਸੋਹਣ ਸਿੰਘ ਠੰਡਲ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ। ਸਾਬਕਾ ਵਿਧਾਇਕ ਠੰਡਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪਾਰਟੀ ਦੇ ਇੰਚਾਰਜ ਵਿਜੇ ਰੂਪਾਨੀ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਸਾਬਕਾ ਵਿਧਾਇਕ ਠੰਡਲ ਦੇ ਚੱਬੇਵਾਲ (ਰਾਖਵੀਂ) ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਸੰਭਾਵਨਾ ਹੈ। ਠੰਡਲ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਸਨ, ਪਰ ਕਿਉਂਕਿ ਅਕਾਲੀ ਦਲ ਚਾਰ ਉਪ ਚੋਣਾਂ ਲੜੇਗਾ ਜਾਂ ਨਹੀਂ, ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਇਸ ਵਾਰ ਵੀ ਚੋਣ ਲੜਨ ਦੇ ਯੋਗ ਹੋਣ ਲਈ ਭਾਜਪਾ ਵਲੋਂ ਚੋਣ ਲੜਨ ਦਾ ਮਨ ਬਣਾਇਆ ਤੇ ਸਾਮਿਲ ਹੋ ਗਏ। ਇਹ ਐਲਾਨ ਹੁਸ਼ਿਆਰਪੁਰ ਵਿੱਚ ਇੱਕ ਸਮਾਰੋਹ ਦੌਰਾਨ ਉਨ੍ਹਾਂ ਨੂੰ ਰਸਮੀ ਤੌਰ ਤੇ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਗਿਆ। ਦਸ ਦੇਈਏ ਕਿ ਸਾਬਕਾ ਵਿਧਾਇਕ ਸੋਹਣ ਸਿੰਘ ਠੰਡਲ ਚੱਬੇਵਾਲ ਤੋਂ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਦਾ ਇਸ ਸਮੇਂ ਭਾਜਪਾ ਵਿੱਚ ਸਾਮਿਲ ਹੋਣਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਜਦੋਂ ਚੱਬੇਵਾਲ ਵਿਖੇ ਉਪ ਚੋਣ ਹੋਣ ਜਾ ਰਹੀ ਹੈ। ਮਾਹਿਲਪੁਰ ਅਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਠੰਡਲ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਅਹਿਮ ਸਿਆਸੀ ਕਦਮ ਮੰਨਿਆ ਜਾ ਰਿਹਾ ਹੈ।