ਪਟਿਆਲਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦ ਪਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਸ਼ਹਿ ‘ਤੇ ਚੱਲ ਰਹੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਡਿਊਲ ਦੇ 4 ਪੇਸ਼ੇਵਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਜੰਗੀ ਅਸਲਾ, ਵਿਸਫੋਟਕ ਸਮੱਗਰੀ ਅਤੇ ਆਧੁਨਿਕ ਤਕਨੀਕੀ ਯੰਤਰ ਬਰਾਮਦ ਕੀਤੇ ਹਨ। ਇਸ ਕਾਰਵਾਈ ਨਾਲ ਬੀਤੇ ਦਿਨੀਂ ਸ਼ੰਭੂ-ਅੰਬਾਲਾ ਰੇਲਵੇ ਮਾਰਗ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਵੀ ਮਹਿਜ਼ 12 ਘੰਟਿਆਂ ਵਿੱਚ ਸੁਲਝਾ ਲਈ ਗਈ ਹੈ।
ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਅਤੇ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਰਦੀਪ ਸਿੰਘ ਖਾਲਸਾ (ਮੁੱਖ ਸਰਗਨਾ), ਕੁਲਵਿੰਦਰ ਸਿੰਘ ਬੰਗਾ, ਸਤਨਾਮ ਸਿੰਘ ਸੱਤਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ। ਇਹ ਮੁਲਜ਼ਮ ਖਾਲਿਸਤਾਨੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ ਅਤੇ ‘ਚੱਲਦਾ ਵਹੀਰ ਚੱਕਰਵਰਤੀ, ਅਟਾਰੀ’ ਨਾਮਕ ਜਥੇਬੰਦੀ ਨਾਲ ਜੁੜੇ ਹੋਏ ਹਨ। ਇਹ ਮਲੇਸ਼ੀਆ ਅਤੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹੈਂਡਲਰਾਂ ਦੇ ਸਿੱਧੇ ਸੰਪਰਕ ਵਿੱਚ ਸਨ।




