ਲੁਧਿਆਣਾ ਵਿੱਚ ਅੱਜ ਵਿਧਾਇਕ ਗੁਰਪ੍ਰੀਤ ਗੋਗੀ ਦਾ ਅੰਤਿਮ ਸਸਕਾਰ ਹੋਇਆ। ਜਿਸ ਦੌਰਾਨ ਸ਼ਮਸ਼ਾਨ ਘਾਟ ਦੇ ਬਾਹਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਕਾਂਗਰਸੀ ਆਗੂ ਕਮਲਜੀਤ ਬਰਾੜ ਵਿਚਾਲੇ ਬਹਿਸ ਛਿੜ ਗਈ। ਇਨ੍ਹਾਂ ਦੋਵਾਂ ਸਿਆਸੀ ਆਗੂਆਂ ਨੇ ਇੱਕ ਦੂਜੇ ਨੂੰ ਗਾਲਾਂ ਵੀ ਕੱਢੀਆਂ। ਇਸ ਮੌਕੇ ਸਾਬਕਾ ਕੌਂਸਲਰ ਪਰਵਿੰਦਰ ਲਾਪਰਾਂ ਵੀ ਕਮਲਜੀਤ ਬਰਾੜ ਦੇ ਨਾਲ ਸਨ। ਤੁਹਾਨੂੰ ਦੱਸ ਦਈਏ ਕਿ ਰਾਜਾ ਵੜਿੰਗ ਤੇ ਕਮਲਜੀਤ ਬਰਾੜ ਵਿੱਚ ਸਿਆਸੀ ਦੁਸ਼ਮਣੀ ਹੈ। ਵੜਿੰਗ ਨੇ ਕਮਲਜੀਤ ਬਰਾੜ ਨੂੰ ਪਾਰਟੀ ‘ਚੋ ਬਾਹਰ ਕੱਢਿਆ ਸੀ। ਕਮਲਜੀਤ ਬਰਾੜ ਨੇ ਵੜਿੰਗ ਖਿਲਾਫ ਆਜ਼ਾਦ ਲੋਕ ਸਭਾ ਚੋਣ ਵੀ ਲੜੀ ਸੀ।
ਅੰਤਿਮ ਸਸਕਾਰ ਤੋਂ ਬਾਅਦ ਜਦੋ ਰਾਜਾ ਵੜਿੰਗ ਵਾਪਿਸ ਜਾ ਰਹੇ ਸਨ ਤਾਂ ਕਮਲਜੀਤ ਬਰਾੜ ਅਤੇ ਲਾਪਰਾਂ ਨੇ ਵੜਿੰਗ ਦੀ ਗੱਡੀ ਨੂੰ ਇਸ਼ਾਰਾ ਦੇ ਕੇ ਰੋਕ ਲਿਆ ਇਸ ਤੋਂ ਬਾਅਦ ਕਮਲਜੀਤ ਬਰਾੜ ਨੇ ਰਾਜਾ ਵੜਿੰਗ ਨੂੰ ਗਾਲਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ। ਕਮਲਜੀਤ ਬਰਾੜ ਨੇ ਕਿਹਾ ਕਿ ਵੜਿੰਗ ਨੇ ਮੈਨੂੰ ਦੇਖ ਕੇ ਮੁੱਛਾਂ ਨੂੰ ਮਰੋੜਾਂ ਦੇਕੇ ਵੰਗਾਰਿਆ। ਇਸ ਦੌਰਾਨ ਵੜਿੰਗ ਦੇ ਸੁਰੱਖਿਆ ਕਰਮੀ ਹਰਕਤ ਵਿੱਚ ਆ ਗਏ। ਬਰਾੜ ਨੇ ਰਾਜਾ ਵੜਿੰਗ ਨੂੰ ਗੱਡੀ ‘ਚੋਂ ਬਾਹਰ ਆਉਣ ਲਈ ਵੰਗਾਰਿਆ। ਰਾਜਾ ਵੜਿੰਗ ਨੇ ਜਵਾਬ ਵਿੱਚ ਬਰਾੜ ਨੂੰ ਬੋਲਿਆ ਅਤੇ ਆਪਣੇ ਕਾਫ਼ਲੇ ਸਮੇਤ ਅੱਗੇ ਲੰਘ ਗਏ।