ਵਿਦੇਸ਼ ਯਾਤਰਾ ਤੋਂ ਪਰਤਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਦੀ ਅਹਿਮ ਬੈਠਕ ਬੁਲਾਈ ਹੈ। ਇਸ ਬੈਠਕ ਵਿਚ ਕੇਂਦਰ ਸਰਕਾਰ ਦੇ ਸਾਰੇ ਕੈਬਨਿਟ ਮੰਤਰੀਆਂ ਤੇ ਸੂਬਾ ਮੰਤਰੀ ਮੌਜੂਦ ਰਹਿਣਗੇ। ਇਸ ਬੈਠਕ ਵਿਚ ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ, ਹੁਣੇ ਜਿਹੇ ਲਏ ਗਏ ਨੀਤੀਗਤ ਫੈਸਲਿਆਂ ਦੇ ਨਤੀਜਿਆਂ ਤੇ ਭਵਿੱਖ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਜਾਵੇਗੀ। ਹੁਣੇ ਜਿਹੇ ਪੱਛਮੀ ਬੰਗਾਲ ਤੇ ਅਸਮ ਵਰਗੇ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋ ਰਹੀ ਇਸ ਬੈਠਕ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਹੋਣ ਵਾਲੀ ਇਸ ਬੈਠਕ ਵਿਚ ਸਾਰੇ ਕੈਬਨਿਟ ਮੰਤਰੀ, ਸੂਬਾ ਮੰਤਰੀ ਤੇ ਹੋਰ ਰਾਜ ਮੰਤਰੀ ਸ਼ਾਮਲ ਹੋਣਗੇ। ਬੈਠਕ ਵਿਚ ਮਿਡਲ ਈਸਟ ਦੇ ਸੰਕਟ ਤੇ ਉਸ ਦੇ ਕਾਰਨ ਊਰਜਾ, ਖੇਤੀਬਾੜੀ ਵਰਗੇ ਖੇਤਰਾਂ ‘ਤੇ ਪੈ ਰਹੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਦੀਆਂ ਰਣਨੀਤੀਆਂ ‘ਤੇ ਵੀ ਚਰਚਾ ਹੋਵੇਗੀ, ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਅਟਕਲਾਂ ਦੇ ਵਿਚ ਇਹ ਇਸ ਸਾਲ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਵੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਖ-ਵੱਖ ਸਰਕਾਰੀ ਯੋਜਨਾਵਾਂ ਤੇ ਪ੍ਰੋਗਰਾਮਾਂ ਦੇ ਵੱਖ-ਵੱਖ ਪਹਿਲੂਆਂ, ਉਨ੍ਹਾਂ ਨੂੰ ਅਧਿਕਤਮ ਸਫਲਤਾ ਲਈ ਕਿਵੇਂ ਲਾਗੂ ਕੀਤਾ ਜਾਵੇ ਤੇ ਹੋਰ ਵਿਸ਼ਿਆਂ ਦੀ ਵੀ ਸਮੀਖਿਆ ਕੀਤੇ ਜਾਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮਿਡਲ ਈਸਟ ਵਿਚ ਜਾਰੀ ਸੰਕਟ ਤੇ ਉਸ ਦੇ ਆਰਥਿਕ ਪ੍ਰਭਾਵਾਂ ਦਾ ਜ਼ਿਕਰ ਕਰ ਸਕਦੇ ਹਨ ਤੇ ਮੰਤਰਾਲਿਆਂ ਤੇ ਵਿਭਾਗਾਂ ਤੇ ਨਾਗਰਿਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ, ਇਸ ਲਈ ਦਿਸ਼ਾ-ਨਿਰਦੇਸ਼ ਦੇ ਸਕਦੇ ਹਨ।




