ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਹੋਣ ਕਾਰਨ ਭਾਜਪਾ ਆਗੂ ਇਸ ਵਾਰ ਸ਼ਹਿਰੀ ਵੋਟਰ ਦਾ ਭਾਜਪਾ ਵਲ ਝੁਕਾਅ ਜ਼ਿਆਦਾ ਮੰਨ ਰਹੇ ਹਨ। ਇਸ ਲਈ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਉਕਤ ਚੋਣ ਲੜਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਲੁਧਿਆਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਪਰਮਿੰਦਰ ਸਿੰਘ ਬਰਾੜ, ਐੱਸਐੱਸ ਚੰਨੀ, ਪ੍ਰਵੀਨ ਬਾਂਸਲ, ਜੀਵਨ ਗੁਪਤਾ, ਸੁਖਮਿੰਦਰ ਸਿੰਘ ਗਰੇਵਾਲ, ਸੁਖਮਿੰਦਰ ਸਿੰਘ ਬਿੰਦਰਾ (ਰਾਜਾ ਬਿੰਦਰਾ), ਗੁਰਦੇਵ ਸ਼ਰਮਾ ਦੇਬੀ, ਰਜਨੀਸ਼ ਧੀਮਾਨ ਦੇ ਨਾਂ ਅੱਗੇ ਆ ਰਹੇ ਹਨ। ਪਰਮਿੰਦਰ ਸਿੰਘ ਬਰਾੜ ਜੋ ਕਿ ਪਹਿਲਾਂ ਅਕਾਲੀ ਦਲ ਵਿਚ ਰਹੇ ਹਨ ਤੇ ਮੌਜੂਦਾ ਸਮੇਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਤੇ ਲੁਧਿਆਣਾ ਦੇ ਪਾਰਟੀ ਇੰਚਾਰਜ ਹਨ।
ਬਰਾੜ ਨੂੰ ਦਿੱਲੀ ਵਿਚ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਕਰੀਬੀ ਵੀ ਦੱਸਿਆ ਜਾ ਰਿਹਾ ਹੈ। ਐੱਸਐੱਸ ਚੰਨੀ ਜੋ ਕਿ ਸਾਬਕਾ ਆਈਏਐੱਸ ਅਧਿਕਾਰੀ ਹਨ ਤੇ ਲੁਧਿਆਣਾ ਤੋਂ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ ਤੇ ਸਿੱਧੇ ਭਾਜਪਾ ਨਾਲ ਜੁੜੇ ਹੋਣ ਦੇ ਨਾਲ-ਨਾਲ ਸਵ. ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪਰਿਵਾਰ ਵਿਚੋਂ ਹਨ। ਪ੍ਰਵੀਨ ਬਾਂਸਲ ਜੋ 3 ਵਾਰ ਲੁਧਿਆਣਾ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਤੇ ਆਰ. ਐੱਸ.ਐੱਸ. ਵਿਚ ਇਨ੍ਹਾਂ ਦੀ ਚੰਗੀ ਪਕੜ ਹੈ।
ਜੀਵਨ ਗੁਪਤਾ ਜੋ ਕਿ ਲੁਧਿਆਣਾ ਯੁਵਾ ਮੋਰਚਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਤੇ ਨਾਲ ਹੀ ਤਿੰਨ ਵਾਰ ਪੰਜਾਬ ਦੇ ਸੂਬਾ ਜਨਰਲ ਸਕੱਤਰ, ਦੋ ਵਾਰ ਸਕੱਤਰ ਤੇ ਇਕ ਵਾਰ ਸੂਬਾ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ। ਗੁਰਦੇਵ ਸ਼ਰਮਾ ਦੇਬੀ ਜੋ ਕਿ ਭਾਜਪਾ ਦੇ ਮੌਜੂਦਾ ਸੂਬਾ ਖਜ਼ਾਨਚੀ ਹਨ ਤੇ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ। ਸੁਖਵਿੰਦਰ ਸਿੰਘ ਬਿੰਦਰਾ ਭਾਜਪਾ ਦੇ ਯੁਵਾ ਆਗੂ ਹਨ ਜੋ ਕਿ ਪਹਿਲਾਂ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਤੇ ਮੌਜੂਦਾ ਸਮੇਂ ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਹਨ। ਸੁਖਵਿੰਦਰ ਸਿੰਘ ਗਰੇਵਾਲ ਜੋ ਕਿ ਭਾਜਪਾ ਦੇ ਰਾਸ਼ਟਰੀ ਕਿਸਾਨ ਮੋਰਚੇ ਦੇ ਜਨਰਲ ਸਕੱਤਰ ਹਨ, ਪਾਰਟੀ ਲਈ ਇਕ ਸਿੱਖ ਚਿਹਰਾ ਹੋ ਸਕਦੇ ਹਨ। ਰਜਨੀਸ਼ ਧੀਮਾਨ ਜੋ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਨ।