ਲੁਧਿਆਣਾ ਦਾ RTA ਦਫ਼ਤਰ ਅਕਸਰ ਹੀ ਕਿਸੇ ਨਾ ਕਿਸੇ ਮੁੱਦੇ ਨੂੰ ਲੈਕੇ ਚਰਚਾ ਰਹਿੰਦਾ ਹੈ। ਅੱਜ ਵੀ RTA ਦਫ਼ਤਰ ਦੇ ਬਾਹਰ ਇੱਕ ਵਿਅਕਤੀ ਨੇ ਜ਼ੋਰਦਾਰ ਹੰਗਾਮਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ RTA ਦਫ਼ਤਰ ਦੇ ਮੁਲਾਜ਼ਮ ਵੀ ਬਾਹਰ ਆ ਗਏ। ਪਰ ਏਜੰਟਾਂ ਦੀ ਗੱਲ ਹੁੰਦੀ ਦੇਖ ਉਹ ਦਫ਼ਤਰਾਂ ਵਿੱਚ ਆਪਣੇ ਕੰਮ ਕਰਨ ਲੱਗੇ।
ਜਾਣਕਾਰੀ ਦਿੰਦਿਆਂ ਕਿਰਪਾਲ ਨਗਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਸ ਦੇ ਜਵਾਈ ਗਿਆਨ ਸਿੰਘ ਦੇ ਮੋਟਰਸਾਈਕਲ ਦਾ ਚਲਾਨ ਕਰੀਬ ਢਾਈ ਮਹੀਨੇ ਪਹਿਲਾ ਹੋਇਆ ਸੀ। ਜਦੋਂ ਉਹ ਆਪਣੇ ਮੋਟਰ ਸਾਇਕਲ ਦਾ ਚਲਾਨ ਭਰਨ ਆਇਆ ਤਾਂ ਉਸ ਨੂੰ ਚਲਾਨ ਭਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪ੍ਰੇਸ਼ਾਨ ਹੋਏ ਨੂੰ RTA ਦਫ਼ਤਰ ਦੇ ਬਾਹਰ ਕੁਝ ਏਜੰਟ ਮਿਲੇ, ਜਿਨ੍ਹਾਂ ਨੇ ਉਸ ਨੂੰ ਜਲਦ ਚਲਾਨ ਭਰਨ ਦਾ ਝਾਂਸਾ ਦਿੱਤਾ ਤੇ ਚਲਾਨ ਭਰਨ ਲਈ ਦੋ ਹਜ਼ਾਰ ਰੁਪਏ ਲੈ ਲਏ। ਪਰ ਐਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਚਲਾਨ ਨਹੀਂ ਭਰਿਆ ਗਿਆ। ਇਸ ਮਾਮਲੇ ਵਿੱਚ ਅੱਜ ਕਿਰਪਾਲ ਨਗਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਸਿੱਧੂ ਨੇ ਅੱਜ RTA ਦਫ਼ਤਰ ਦੇ ਬਾਹਰ ਹੰਗਾਮਾ ਸ਼ੁਰੂ ਕਰ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਅੱਜ ਤੋਂ ਕਰੀਬ ਢਾਈ ਮਹੀਨੇ ਪਹਿਲਾ ਏਜੰਟ ਮਮਤਾ ਅਤੇ ਮਨੀ ਨੇ ਉਸ ਦੇ ਜਵਾਈ ਤੋਂ ਚਲਾਨ ਭਰਨ ਦਾ 2 ਹਜ਼ਾਰ ਰੁਪਏ ਲੈ ਲਏ ਪਰ ਅੱਜ ਤੱਕ ਉਸ ਦਾ ਚਲਾਨ ਨਹੀਂ ਭਰਿਆ ਗਿਆ। ਉਹ ਅੱਜ ਉਸਦੇ ਜਵਾਈ ਨਾਲ ਏਜੰਟਾਂ ਵਲੋਂ ਕੀਤੀ ਠੱਗੀ ਤੋਂ ਪ੍ਰੇਸ਼ਾਨ ਹੋ ਕੇ RTA ਦਫ਼ਤਰ ਦੇ ਬਾਹਰ ਧਰਨਾ ਲਾਉਣ ਲਈ ਮਜਬੂਰ ਹੋ ਗਿਆ। ਉਨ੍ਹਾਂ ਨੇ ਆਰਟੀਏ ਦਫ਼ਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਸਬੰਧੀ ਜਦੋਂ ਆਰਟੀਏ ਕੁਲਦੀਪ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਕਿਰਪਾਲ ਨਗਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਸਿੱਧੂ ਨੇ ਏਜੰਟਾਂ ਵਲੋਂ ਕੀਤੀ ਜਾ ਰਹੀ ਠੱਗੀ ਬਾਰੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਨ੍ਹਾਂ ਏਜੰਟਾਂ ਤੇ ਨਕੇਲ ਕਸੀ ਜਾਵੇ ਤਾਂ ਜੋ ਆਮ ਲੋਕ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਨਾ ਹੋਣ।