ਲੁਧਿਆਣਾ, 9 ਜੁਲਾਈ : ਲੁਧਿਆਣਾ ਸ਼ਹਿਰ ਦੇ ਮਾਹੌਲ ਨੂੰ ਸ਼ਾਂਤ ਰੱਖਣ ਲਈ ਸ਼ਿਵ ਸੈਨਾ ਦੇ ਵੱਖ ਵੱਖ ਆਹੁਦੇਦਾਰਾਂ ਨਾਲ ਅੱਜ ਮੰਗਲਵਾਰ ਨੂੰ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਮੀਟਿੰਗ ਕੀਤੀ।ਮੀਟਿੰਗ ਤੋਂ ਬਾਅਦ ਸ਼ਿਵ ਸੈਨਾ ਤੇ ਹਿੰਦੂ ਆਗੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ 10 ਹਿੰਦੂ ਨੇਤਾਵਾਂ ਨੂੰ ਸੁਰੱਖਿਆ ਦੇ ਲਈ ਪੰਜਾਬ ਪੁਲੀਸ ਦੇ ਮੁਲਾਜ਼ਮ ਤੈਨਾਤ ਕੀਤੇ। ਇਸ ਤੋਂ ਬਾਅਦ ਫਿਰ ਚਰਚਾ ਸ਼ੁਰੂ ਹੋ ਗਈ ਹੈ ਕਿ ਪੁਲੀਸ ਨੇ ਮਾਹੌਲ ਸ਼ਾਂਤ ਕਰਨ ਲਈ ਇੱਕ ਵਾਰ ਫਿਰ ਗੰਨਮੈਨ ਵੰਡ ਦਿੱਤੇ ਹਨ।
ਮੀਟਿੰਗ ਦੌਰਾਨ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸ਼ਿਵ ਸੈਨਾ ਆਗੂਆਂ ਨੂੰ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਤੋਂ ਬਚਣ ਦੀ ਸਲਾਹ ਦਿੱਤੀ। ਕਮਿਸ਼ਨਰ ਨੇ ਮੀਟਿੰਗ ’ਚ ਕਿਹਾ ਕਿ ਸਾਰੇ ਧਰਮਾਂ ਦਾ ਸਨਮਾਨ ਕਰਦੇ ਹੋਏ ਸ਼ਹਿਰ ਦਾ ਮਾਹੌਲ ਸਾਂਤੀਪੂਰਨ ਬਣਾ ਕੇ ਰੱਖਣਾ ਚਾਹੀਦਾ ਹੈ। ਸ਼ਿਵ ਸੈਨਾ ਆਗੂਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਕੋਈ ਵੀ ਵਿਅਕਤੀ ਭੜਕਾਊ ਭਾਸ਼ਣ ਦੇਵੇਗਾ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ।
ਸ਼ਿਵ ਸੈਨਾ ਪੰਜਾਬ ਪ੍ਰਮੁੱਖ ਰਾਜੀਵ ਟੰਡਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਸਾਰੇ ਹਿੰਦੂ ਜੱਥੇਬੰਦੀਆਂ ਨਾਲ ਮਿਲ ਕੇ ਸ਼ਹਿਰ ’ਚ ਸ਼ਾਂਤੀ ਮਾਰਚ ਕੱਢਣਗੇ। ਟੰਡਨ ਨੇ ਕਿਹਾ ਕਿ ਸੰਦੀਪ ਥਾਪਰ ’ਤੇ ਹਮਲਾ ਕਰਨ ਵਾਲਿਆਂ ’ਤੇ ਐਨਐਸਏ ਲਾਈ ਜਾਣੀ ਚਾਹੀਦੀ ਹੈ। ਘਟਨਾ ਸਮੇਂ ਮੂਕ ਦਰਸ਼ਕ ਬਣੇ ਪੁਲੀਸ ਕਰਮੀ ਖਿਲਾਫ਼ ਵੀ ਕੇਸ ਦਰਜ ਹੋਵੇ। ਰਾਜੀਵ ਟੰਡਨ ਨੇ ਦੱਸਿਆ ਕਿ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨਾਲ ਹੋਈ ਮੀਟਿੰਗ ’ਚ ਸ਼ਿਵ ਸੈਨਾ ਆਗੂ ਗੋਰਾ ਥਾਪਰ ’ਤੇ ਹਮਲਾ ਕਰਨ ਵਾਲੇ ਤੀਸਰੇ ਮੁਲਜ਼ਮ ਦੀ ਜਲਦੀ ਗ੍ਰਿਫ਼ਤਾਰੀ, ਨਾਲ ਹੀ ਇਹ ਕੇਸ ਦੀ ਫਾਸਟ ਟੈ੍ਰਕ ਅਦਾਲਤ ’ਚ ਸੁਣਵਾਈ, ਗੋਰਾ ਥਾਪਰ ’ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਆਗੂਆਂ ਤੇ ਸ਼ੋਸ਼ਲ ਮੀਡੀਆ ’ਤੇ ਉਕਤ ਹਮਲੇ ਦੀ ਜ਼ਿੰਮੇਵਾਰੀ ਲੈ ਕੇ ਜਾਗੋ ਗਾਉਣ ਵਾਲੇ ਕਥਿਤ ਨਿਹੰਗਾਂ ’ਤੇ ਜਿੱਥੇ ਸਖਤ ਕਾਰਵਾਈ ਦੀ ਮੰਗ ਕੀਤੀ, ਉਥੇਂ ਗੋਰਾ ਥਾਪਰ ’ਤੇ ਹਮਲੇ ਦੌਰਾਨ ਮੌਜੂਦਾ ਸੁਰੱਖਿਆ ਕਰਮੀ ਦੀ ਲਾਪਰਵਾਹੀ ਅਤੇ ਉਸਦੀ ਸ਼ੱਕੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ। ਜਿਸ ’ਤੇ ਪੁਲੀਸ ਨੇ ਭਰੋਸਾ ਦਿੱਤਾ ਕਿ ਕਾਰਵਾਈ ਜ਼ਰੂਰੂ ਕੀਤੀ ਜਾਵੇਗੀ।