ਲੁਧਿਆਣਾ, 22 ਜੂਨ : ਹੈਬੋਵਾਲ ਥਾਣੇ ਅਧੀਨ ਆਉਂਦੇ ਇਲਾਕਾ ਰਾਮ ਐਨਕਲੇਵ ਇਲਾਕੇ ਵਿੱਚ ਅੱਜ ਤੜਕੇ ਸਵੇਰੇ ਲੁਧਿਆਣਾ ਪੁਲੀਸ ਅਤੇ ਦੋ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ।ਜਿਸ ਵਿੱਚ ਦੋਵੇਂ ਅਪਰਾਧੀ ਜਖਮੀ ਹੋ ਗਏ। ਜਿਹਨਾਂ ਨੂੰ ਪੁਲਿਸ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਅੱਜ ਤੜਕੇ ਸਵੇਰੇ ਥਾਣਾ ਹੈਬੋਵਾਲ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਲੋੜੀਂਦੇ ਅਪਰਾਧੀ ਰਾਮ ਐਨਕਲੇਵ ਇਲਾਕੇ ਵਿੱਚ ਲੁਕੇ ਹੋਏ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਤੜਕੇ ਸਵੇਰੇ ਛਾਪੇਮਾਰੀ ਕੀਤੀ ਅਤੇ ਦੋਵਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਲੇਕਿਨ ਦੋਵਾਂ ਅਪਰਾਧੀਆਂ ਨੇ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੇ ਪੁਲਿਸ ਨੇ ਜਵਾਬੀ ਗੋਲੀਬਾਰੀ ਦੌਰਾਨ ਦੋ ਅਪਰਾਧੀਆਂ ਨੂੰ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੋਵੇਂ ਜ਼ਖ਼ਮੀ ਅਪਰਾਧੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਹਾਲਾਂਕਿ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ।