ਲੁਧਿਆਣਾ ਵਿੱਚ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਨੈੱਟਵਰਕ ਨਾਲ ਜੁੜੇ ਧੋਖਾਧੜੀ ਕਰਨ ਵਾਲਿਆਂ 132 ਜਣਿਆ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਸਟਰਮਾਈਂਡ ਦਿੱਲੀ ਅਤੇ ਗੁਜਰਾਤ ਦੇ ਵਸਨੀਕ ਹਨ। ਪੁਲਿਸ ਨੇ ਉਨ੍ਹਾਂ ਤੋਂ ਲਗਭਗ 1 ਕਰੋੜ 7 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਤੋਂ ਇਲਾਵਾ, 98 ਲੈਪਟਾਪ, 229 ਮੋਬਾਈਲ ਫੋਨ, 19 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ ਅਤੇ 300 ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ। ਧੋਖਾਧੜੀ ਕਰਨ ਵਾਲਿਆਂ ਦੇ ਇਸ ਗਿਰੋਹ ਨੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ।
ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਮਾਈਕ੍ਰੋਸਾਫਟ ਦੇ ਨਾਮ ‘ਤੇ ਵਿਦੇਸ਼ੀਆਂ ਦੇ ਕੰਪਿਊਟਰ ਸਕ੍ਰੀਨਾਂ ‘ਤੇ ਜਾਅਲੀ ਵਾਇਰਸ ਅਤੇ ਸੁਰੱਖਿਆ ਚੇਤਾਵਨੀਆਂ ਭੇਜਦੇ ਸੀ। ਸਕ੍ਰੀਨ ‘ਤੇ ਇੱਕ ਜਾਅਲੀ ਕਸਟਮਰ ਕੇਅਰ ਨੰਬਰ ਵੀ ਪ੍ਰਦਰਸ਼ਿਤ ਦਿਖਾਇਆ ਜਾਂਦਾ ਸੀ। ਜਦੋਂ ਉਸ ਨੰਬਰ ‘ਤੇ ਕਾਲ ਕੀਤੀ ਜਾਂਦੀ ਸੀ, ਤਾਂ ਕਾਲ ਸਿੱਧੇ X-Lite ਸਾਫਟਵੇਅਰ ਰਾਹੀਂ ਧੋਖਾਧੜੀ ਕਰਨ ਵਾਲਿਆਂ ਨੂੰ ਭੇਜ ਦਿੱਤੀ ਜਾਂਦੀ ਸੀ। ਫਿਰ ਮੁਲਜ਼ਮ ਤਕਨੀਕੀ ਸਹਾਇਤਾ ਕਰਮਚਾਰੀਆਂ ਵਜੋਂ ਪੇਸ਼ ਹੁੰਦੇ ਸਨ ਅਤੇ ਉਪਭੋਗਤਾਵਾਂ ਨੂੰ ਅਲਟਰਾਵਿਊਅਰ ਵਰਗੇ ਰਿਮੋਟ ਐਕਸੈਸ ਸਾਫਟਵੇਅਰ ਡਾਊਨਲੋਡ ਕਰਨ ਲਈ ਮਜਬੂਰ ਕਰਦੇ ਸਨ, ਜਿਸ ਨਾਲ ਮੋਬਾਈਲ ਫੋਨ ਦਾ ਪੂਰਾ ਕੰਟਰੋਲ ਆਪਣੇ ਹੱਥ ‘ਚ ਲੈ ਲੈਂਦੇ ਸੀ।




