ਨਵਾਂਸ਼ਹਿਰ, 14 ਅਕਤੂਬਰ: ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਵਾਸੀਆਂ ਨੂੰ ਕਰ ਵਿਭਾਗ ਵੱਲੋਂ ‘ਮੇਰਾ ਬਿੱਲ’ ਐਪ ਰਾਹੀਂ ਚਲਾਈ ਜਾ ਰਹੀ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਖਰੀਦੀਆਂ ਵਸਤਾਂ ਤੇ ਸੇਵਾਵਾਂ ਦਾ ਬਿੱਲ ਜ਼ਰੂਰ ਹਾਸਲ ਕਰਕੇ ਇਸ ਨੂੰ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਹਰ ਮਹੀਨੇ 29 ਲੱਖ ਰੁਪਏ ਤੱਕ ਦੇ 290 ਇਨਾਮ ਜਿੱਤ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਸਾਮਾਂਨ ਖ਼ਰੀਦਣ ਮੌਕੇ ਡੀਲਰ ਕੋਲੋਂ ਇਸ ਦਾ ਬਿੱਲ ਜ਼ਰੂਰ ਲੈਣ ਤੇ ਇਸ ਬਿਲ ਨੂੰ ਬਿੱਲ ਲਿਆਓ, ਇਨਾਮ ਪਾਓ ਸਕੀਮ ਤਹਿਤ ਚਲਾਈ ਜਾ ਰਹੀ ਮੋਬਾਈਲ ਐਪ ਮੇਰਾ ਬਿੱਲ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਅਪਲੋਡ ਕਰਨ। ਇਨ੍ਹਾਂ ਅਪਲੋਡ ਕੀਤੇ ਗਏ ਬਿੱਲਾਂ ਵਿਚੋਂ ਹਰ ਮਹੀਨੇ ਡਰਾਅ ਕੱਢਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਨਾਗਰਿਕਾਂ ਵਿਚ ਟੈਕਸ ਕਾਨੂੰਨਾਂ ਬਾਰੇ ਜਾਗਰੂਕਤਾ ਫੈਲਾਉਣਾ, ਟੈਕਸ ਨਿਯਮਾਂ ਦੀ ਪਾਲਣਾ ਕਰਨਾ, ਖਪਤਕਾਰਾਂ ਨੂੰ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਤੇ ਡੀਲਰਾਂ ਨੂੰ ਖ਼ਪਤਕਾਰਾਂ ਨੂੰ ਬਿੱਲ ਜਾਰੀ ਕਰਨ ਲਈ ਉਤਸ਼ਾਹਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ, ਡੀਜ਼ਲ, ਕੱਚਾ ਤੇਲ, ਹਵਾਬਾਜ਼ੀ, ਟਰਬਾਈਨ ਤੇਲ ਅਤੇ ਸ਼ਰਾਬ ਦੇ ਵਿਕਰੀ ਬਿੱਲਾਂ ਨੂੰ ਇਸ ਮੇਰਾ ਬਿਲ ਐਪ ਉਪਰ ਅਪਲੋਡ ਨਹੀਂ ਕੀਤਾ ਜਾ ਸਕੇਗਾ ਜਦੋਂ ਕਿ ਖ਼ਪਤਕਾਰ ਹੋਰ ਕਿਸੇ ਵੀ ਵਸਤੂ ਦੇ 200 ਰੁਪਏ ਦੇ ਮੁੱਲ ਤੋਂ ਉਪਰਲੇ ਬਿੱਲਾਂ ਨੂੰ ਅਪਲੋਡ ਕਰ ਸਕਣਗੇ। ਉਨ੍ਹਾਂ ਕਿਹਾ ਕਿ ਹਰ ਮਹੀਨੇ ਰਾਜ ਪੱਧਰ ਉਤੇ 290 ਇਨਾਮ ਕੱਢੇ ਜਾਣਗੇ ਅਤੇ ਹਰ ਜ਼ਿਲ੍ਹੇ ਵਿਚ 10 ਇਨਾਮ ਦਿੱਤੇ ਜਾਣਗੇ ਅਤੇ ਇਹ ਇਨਾਮ ਜ਼ਿਲ੍ਹਾ ਪੱਧਰ ‘ਤੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਉਪਭੋਗਤਾ ਰਿਟੇਲ ਬਿੱਲ ਦੇ ਵੇਰਵੇ ਮੇਰਾ ਬਿੱਲ ਐਪ ‘ਤੇ ਅੱਪਲੋਡ ਕਰਨ ਸਮੇਂ ਡੀਲਰ ਦਾ ਜੀ.ਐਸ.ਟੀ. ਆਈ.ਐਨ, ਡੀਲਰ ਦਾ ਪਤਾ, ਬਿੱਲ ਨੰਬਰ ਤੇ ਬਿੱਲ ਰਕਮ ਜਮ੍ਹਾ ਕਰੇਗਾ ਤੇ ਬਿੱਲ ਨੂੰ ਮਹੀਨੇ ਦੀ ਆਖ਼ਰੀ ਮਿਤੀ ਤੋਂ ਪਹਿਲਾਂ ਅਪਲੋਡ ਕਰਨਾ ਜ਼ਰੂਰੀ ਹੈ, ਜਿਸ ਮਹੀਨੇ ਵਿਚ ਖ਼ਰੀਦ ਕੀਤੀ ਗਈ ਹੈ। ਇਕ ਵਿਅਕਤੀ ਇਕ ਮਹੀਨੇ ਦੇ ਦੌਰਾਨ ਸਿਰਫ਼ ਇਕ ਇਨਾਮ ਲਈ ਯੋਗ ਹੋਵੇਗਾ।