ਪੰਜਾਬ ਸਰਕਾਰ ਨੇ ਸਾਲ 2024-25 ਲਈ ਜਾਇਦਾਦ ਟੈਕਸ 31 ਮਾਰਚ, 2025 ਤੱਕ ਬਿਨਾਂ ਵਿਆਜ ਦੇ ਜਮ੍ਹਾ ਕਰਨ ‘ਤੇ ਛੋਟ ਦਿੱਤੀ ਹੈ। ਇਸ ਲਈ ਆਮ ਲੋਕਾਂ ਦੀ ਸਹੂਲਤ ਅਤੇ ਨਗਰ ਨਿਗਮ ਦੇ ਵਿੱਤੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸ਼ਨੀਵਾਰ ਅਤੇ ਐਤਵਾਰ ਦੇ ਨਾਲ-ਨਾਲ 31 ਮਾਰਚ ਨੂੰ ਵੀ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਦਫ਼ਤਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਭਾਵੇਂ 31 ਮਾਰਚ ਨੂੰ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਪਰ ਇਨ੍ਹਾਂ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦਫ਼ਤਰ ਆਉਣਾ ਪਵੇਗਾ।
ਇਸ ਤਹਿਤ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਦੇ ਸਾਰੇ ਜ਼ੋਨਾਂ ਦੇ ਸੁਵਿਧਾ ਕੇਂਦਰ ਅਤੇ ਪਾਣੀ, ਸੀਵਰੇਜ/ਨਿਪਟਾਰਾ ਦਫ਼ਤਰ ਲਗਾਤਾਰ ਖੁੱਲ੍ਹੇ ਰਹਿਣਗੇ। ਇਨ੍ਹਾਂ ਦਫ਼ਤਰਾਂ ਵਿੱਚ ਸ਼ਨੀਵਾਰ, ਐਤਵਾਰ ਅਤੇ ਤਿਉਹਾਰਾਂ ਵਾਲੇ ਦਿਨ ਵੀ ਕੰਮ ਜਾਰੀ ਰਹੇਗਾ। ਇਸ ਸਬੰਧੀ ਕਰਮਚਾਰੀਆਂ ਨੂੰ ਪਹਿਲਾਂ ਹੀ ਲਿਖਤੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਡਚਲਵਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ, ਉਪਰੋਕਤ ਦਫ਼ਤਰ 29 ਮਾਰਚ, ਸ਼ਨੀਵਾਰ, ਐਤਵਾਰ 30 ਮਾਰਚ ਅਤੇ 31 ਮਾਰਚ, ਯਾਨੀ ਈਦ-ਉਲ-ਫਿਤਰ ਵਾਲੇ ਦਿਨ ਆਮ ਵਾਂਗ ਖੁੱਲ੍ਹੇ ਰਹਿਣਗੇ। ਹੁਕਮਾਂ ਅਨੁਸਾਰ, ਇਨ੍ਹਾਂ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਛੁੱਟੀਆਂ ਨੂੰ ਐਡਜਸਟ ਕਰ ਸਕਣਗੇ।