ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਪਹੁੰਚੇ। ਰੇਲਵੇ ਸਟੇਸ਼ਨ ’ਤੇ ਭਾਜਪਾ ਵਰਕਰਾਂ ਵੱਲੋਂ ਸਭ ਤੋਂ ਪਹਿਲਾਂ ਢੋਲ ਵਜਾ ਕੇ ਅਤੇ ਹਾਰ ਪਾ ਕੇ ਬਿੱਟੂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਬਿੱਟੂ ਨੇ ਇੱਕ ਟਰੱਕ ਵਿੱਚ ਸ਼ਹਿਰ ਵਿੱਚ 5 ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢਿਆ। ਇਸ ਦੌਰਾਨ ਉਹ ਜਗਰਾਓਂ ਪੁਲ ਨੇੜੇ ਦੁਰਗਾ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਣ ਲਈ ਵੀ ਰੁਕੇ। ਉਸ ਦੇ ਨਾਲ ਇਕ ਕਿਲੋਮੀਟਰ ਲੰਬਾ ਕਾਫਲਾ ਸੀ।
ਉਹ ਬਾਅਦ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕਰਨਗੇ। ਚਰਚਾ ਹੈ ਕਿ ਇਸ ਦੌਰਾਨ ਉਹ ਭਾਜਪਾ ‘ਚ ਆਪਣੇ ਕਈ ਕਰੀਬੀ ਨੇਤਾਵਾਂ ਨੂੰ ਵੀ ਸ਼ਾਮਲ ਕਰ ਸਕਦੇ ਹਨ। ਰਵਨੀਤ ਬਿੱਟੂ 26 ਮਾਰਚ ਨੂੰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਦੋ ਦਿਨ ਬਾਅਦ ਹੀ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ।
ਉਧਰ ਲੁਧਿਆਣਾ ਪੁੱਜਣ ‘ਤੇ ਬਿੱਟੂ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ। ਬਹੁਤ ਸਾਰੀਆਂ ਤਾਕਤਾਂ ਹਨ ਜੋ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ। ਅੱਜ ਜੇਕਰ ਕੋਈ ਪੰਜਾਬ ਨੂੰ ਬਚਾ ਸਕਦਾ ਹੈ ਤਾਂ ਉਹ ਸਿਰਫ ਭਾਜਪਾ ਹੈ। ਬਿੱਟੂ ਨੇ ਕਿਹਾ ਕਿ ਅੱਜ ਅੱਤਵਾਦ ਬਦਲ ਗਿਆ ਹੈ, ਗੈਂਗਸਟਰਾਂ ਦੇ ਰੂਪ ‘ਚ ਅੱਤਵਾਦ ਵਿਦੇਸ਼ਾਂ ਤੋਂ ਆ ਰਿਹਾ ਹੈ। ਪੰਜਾਬ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ।
ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਭਾਜਪਾ ‘ਚ ਸ਼ਾਮਲ ਹੋਣ ਦਾ ਕਾਰਨ ਇਹ ਹੈ ਕਿ ਜਦੋਂ ਭਾਜਪਾ ਨੇ ਫੈਸਲਾ ਕੀਤਾ ਸੀ ਕਿ ਉਹ ਇਕੱਲੇ ਹੀ ਚੋਣ ਲੜਨਗੇ ਤਾਂ ਇਸੇ ਕਾਰਨ ਉਹ ਭਾਜਪਾ ‘ਚ ਸ਼ਾਮਲ ਹੋਏ ਹਨ। ਮੋਦੀ ਸਰਕਾਰ ਨੇ ਪੰਜਾਬ ‘ਚ ਕਰਤਾਰਪੁਰ ਦਾ ਰਾਹ ਖੋਲ੍ਹ ਦਿੱਤਾ ਹੈ। ਮੋਦੀ ਸਰਕਾਰ ਵੱਲੋਂ ਵੀਰ ਬਾਲ ਦਿਵਸ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਸਿੱਖਾਂ ਦਾ ਮਾਣ ਵਧਿਆ ਹੈ।