ਪੰਜਾਬ-ਚੰਡੀਗੜ੍ਹ ‘ਚ ਮੌਸਮ ਅਜੇ ਖੁਸ਼ਕ ਨਜ਼ਰ ਆ ਰਿਹਾ ਹੈ। ਨਵੰਬਰ ਮਹੀਨਾ ਆਪਣੇ ਆਖ਼ਰੀ ਹਫ਼ਤੇ ਵਿੱਚ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਨਾ ਤਾਂ ਠੰਢ ਆਪਣਾ ਪੂਰਾ ਅਸਰ ਦਿਖਾ ਰਹੀ ਹੈ ਅਤੇ ਨਾ ਹੀ ਮੀਂਹ ਪੈ ਰਿਹਾ ਹੈ। ਪੰਜਾਬ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 2.9 ਡਿਗਰੀ ਅਤੇ ਚੰਡੀਗੜ੍ਹ ਦਾ ਤਾਪਮਾਨ 1 ਡਿਗਰੀ ਵੱਧ ਪਾਇਆ ਗਿਆ ਹੈ। ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਘੱਟਦਾ ਨਜ਼ਰ ਆ ਰਿਹਾ ਹੈ ਪਰ ਚੰਡੀਗੜ੍ਹ ‘ਚ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ।
ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ ਅਜੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ‘ਚ ਦਿਨ ਦਾ ਤਾਪਮਾਨ ਆਮ ਵਾਂਗ ਹੈ ਪਰ ਰਾਤ ਦਾ ਤਾਪਮਾਨ ਅਜੇ ਵੀ ਆਮ ਨਾਲੋਂ ਵੱਧ ਹੈ। ਪੰਜਾਬ ‘ਚ ਰਾਤ ਦਾ ਤਾਪਮਾਨ ਆਮ ਨਾਲੋਂ 2.9 ਡਿਗਰੀ ਵੱਧ ਹੈ ਅਤੇ ਜ਼ਿਆਦਾਤਰ ਸ਼ਹਿਰਾਂ ‘ਚ ਤਾਪਮਾਨ 10 ਤੋਂ 15 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਜਦੋਂ ਕਿ ਚੰਡੀਗੜ੍ਹ ਵਿੱਚ ਤਾਪਮਾਨ 0.7 ਡਿਗਰੀ ਵੱਧ ਹੈ। ਪੰਜਾਬ ਦਾ ਮੌਸਮ ਖੁਸ਼ਕ ਰਹਿਣ ਵਾਲਾ ਹੈ।
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। 27 ਨਵੰਬਰ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਜਿਸ ਦਾ ਅਸਰ ਕੁਝ ਦਿਨਾਂ ਤੱਕ ਰਹੇਗਾ। ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਪਹਿਲਾ ਨਾਲੋਂ ਘੱਟ ਗਿਆ ਹੈ। ਬਠਿੰਡਾ ਦਾ AQI 87 ਡਿਗਰੀ ਦਰਜ ਕੀਤਾ ਗਿਆ ਉੱਥੇ ਹੀ ਅੰਮ੍ਰਿਤਸਰ ਵਿੱਚ AQI 167 ਹੈ। ਜਲੰਧਰ ਵਿੱਚ AQI 206, ਮੰਡੀ ਗੋਬਿੰਦਗੜ੍ਹ ਵਿੱਚ 270, ਖੰਨਾ ਵਿੱਚ 156 ਅਤੇ ਰੂਪਨਗਰ ਵਿੱਚ 171 ਦਰਜ ਕੀਤਾ ਗਿਆ।
ਚੰਡੀਗੜ੍ਹ ਸ਼ਹਿਰ ਦਾ ਤਾਪਮਾਨ 11 ਤੋਂ 25 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਸ਼ਹਿਰ ਦਾ ਤਾਪਮਾਨ 13 ਤੋਂ 23 ਡਿਗਰੀ ਦੇ ਵਿਚਕਾਰ ਹੈ। ਜਲੰਧਰ ਦਾ ਤਾਪਮਾਨ 12 ਤੋਂ 25 ਡਿਗਰੀ ਦੇ ਵਿਚਕਾਰ ਰਹੇਗਾ। ਉੱਥੇ ਹੀ ਲੁਧਿਆਣਾ ਦਾ ਤਾਪਮਾਨ 11 ਤੋਂ 24 ਡਿਗਰੀ ਦੇ ਵਿਚਕਾਰ ਰਹੇਗਾ।