ਆਸਟ੍ਰੇਲੀਆ ਵਿੱਚ ਪੰਜਾਬ ਦੀ ਧੀ ਨੇ ਮਾਪਿਆਂ ਦਾ ਮਾਣ ਵਧਾਇਆ ਹੈ। ਗੁਰਦਾਸਪੁਰ ਦੀ ਰਹਿਣ ਵਾਲੀ ਗੁਰਦੀਪ ਕੌਰ ਆਸਟ੍ਰੇਲੀਆ ‘ਚ ਲੈਫਟੀਨੈਂਟ ਬਣੀ ਹੈ। ਗੁਰਦੀਪ ਕੌਰ ਗੁਰਦਾਸਪੁਰ ਦੇ ਨਵਾਂ ਪਿੰਡ ਬਹਾਦੁਰ ਦੀ ਰਹਿਣ ਵਾਲੀ ਹੈ।
ਗੁਰਦੀਪ ਕੌਰ ਦਾ ਜਨਮ 1995 ਵਿੱਚ ਹੋਇਆ। ਤਿੱਬੜੀ ਕੈਂਟ ਦੇ ਆਰਮੀ ਸਕੂਲ ਵਿੱਚੋਂ ਬਾਰਵੀਂ ਕਰਨ ਤੋਂ ਬਾਅਦ 2014 ਵਿੱਚ ਉਹ ਉਚੇਰੀ ਸਿੱਖਿਆ ਹਾਸਲ ਕਰਨ ਲਈ ਆਸਟ੍ਰੇਲੀਆ ਚਲੀ ਗਈ ਸੀ। ਉਸ ਦਾ ਭਰਾ ਅੰਮ੍ਰਿਤਪਾਲ ਵੀ ਕੈਨੇਡਾ ਵਿੱਚ ਰਹਿੰਦਾ ਹੈ। 2024 ਵਿੱਚ ਗੁਰਦੀਪ ਕੌਰ ਨੇ ਨਰਸਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਹੁਣ ਆਸਟ੍ਰੇਲੀਆ ਆਰਮੀ ਵਿੱਚ ਲੈਫਟੀਨੈਂਟ ਬਣ ਗਈ ਹੈ।
ਉਸ ਦੇ ਪਿਤਾ ਬਲਵਿੰਦਰ ਸਿੰਘ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਪਿੰਡ ਵਿੱਚ ਉਸਦੀ ਮਾਤਾ ਦਵਿੰਦਰ ਕੌਰ ਅਤੇ ਤਾਇਆ ਬਲਬੀਰ ਸਿੰਘ ਦਾ ਪਰਿਵਾਰ ਰਹਿੰਦਾ ਹੈ। ਗੁਰਦੀਪ ਦਾ ਪਰਿਵਾਰ ਉਸ ਦੇ ਲੈਫਟੀਨੈਂਟ ਬਣਨ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।