ਪੰਜਾਬ ‘ਚ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦੀ ਦਿਸ਼ਾ ਵੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਜੱਦੀ ਪਿੰਡ ਸਤੌਜ ਤੋਂ ‘ਵਾਇਰ ਫ੍ਰੀ ਵਿਲੇਜ’ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। 8 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨਾਲ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਖੰਭਿਆਂ ਤੋਂ ਛੁਟਕਾਰਾ ਮਿਲੇਗਾ, ਜਿਸ ਨਾਲ ਪੰਜਾਬ ਅੰਡਰਗਰਾਊਂਡ ਬਿਜਲੀ ਦੀ ਸਪਲਾਈ ਵਾਲ਼ਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ “ਸੁਨਹਿਰੀ ਅੱਖਰਾਂ” ਵਿੱਚ ਲਿਖਿਆ ਜਾਵੇਗਾ, ਕਿਉਂਕਿ ਅਜਿਹੇ ਪ੍ਰੋਜੈਕਟ ਬਾਰੇ ਕਿਸੇ ਵੀ ਸੂਬੇ ਨੇ ਪਹਿਲਾਂ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਕਲਾਕਾਰ ਵਜੋਂ ਕੰਮ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਇਹ ਸੁਪਨਾ ਦੇਖਿਆ ਸੀ ਕਿ ਜੇਕਰ ਕਦੇ ਮੌਕਾ ਮਿਲਿਆ ਤਾਂ ਇਹਨਾਂ ਖੰਭਿਆਂ ਨੂੰ ਹਟਾਉਣਗੇ। ਉਨ੍ਹਾਂ ਕਿਹਾ ਕਿ ‘ਇਹ ਇੱਕ ਲੰਮਾ ਪ੍ਰੋਜੈਕਟ ਹੋਣ ਕਰਕੇ ਇਸ ਨੂੰ ਪੂਰਾ ਹੋਣ ਵਿੱਚ ਸਮਾਂ ਲੱਗਿਆ। ਹੁਣ ਫਾਈਬਰ ਤਾਰਾਂ ਆ ਗਈਆਂ ਹਨ, ਜੋ ਹਰ ਮੌਸਮ ਵਿੱਚ ਚੱਲ ਸਕਦੀਆਂ ਹਨ।”
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਪਿੰਡ ਵਿੱਚੋਂ ਕਰੀਬ 382 ਖੰਭੇ ਪੁੱਟੇ ਜਾਣਗੇ। ਪਹਿਲਾਂ ਨਵੇਂ ਕਨੈਕਸ਼ਨ ਦਿੱਤੇ ਜਾਣਗੇ ਅਤੇ ਉਸ ਤੋਂ ਬਾਅਦ ਮੇਨ ਸਪਲਾਈ ਸ਼ੁਰੂ ਕੀਤੀ ਜਾਵੇਗੀ। ਹਟਾਏ ਗਏ ਖੰਭਿਆਂ ਨੂੰ ਪੰਚਾਇਤ ਘਰਾਂ ਵਿੱਚ ਰੱਖ ਦਿੱਤਾ ਜਾਵੇਗਾ।




