ਪੰਜਾਬ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਸੈੱਲ ਯਾਨੀ ਐਸਐਸਓਸੀ ਮੋਹਾਲੀ ਦੀ ਟੀਮ ਨੇ ਪਾਕਿਸਤਾਨ ਵਿੱਚ ਬੈਠੇ ISI ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਵਿੱਚ ਦੋ ਦੋਸ਼ੀ ਮਹਾਰਾਸ਼ਟਰ ਦੇ ਹਨ ਅਤੇ ਇੱਕ ਦੋਸ਼ੀ ਰੋਪੜ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਪੰਪ ਐਕਸ਼ਨ ਗਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਜਲਦੀ ਹੀ ਪੁਲਿਸ ਤਿੰਨਾਂ ਮੁਲਜ਼ਮਾਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਪੁੱਛਗਿੱਛ ਲਈ ਰਿਮਾਂਡ ‘ਤੇ ਲਵੇਗੀ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ – ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੋਹਾਲੀ ਨੇ ਪਾਕਿਸਤਾਨ ਸਥਿਤ ਬੀਕੇਆਈ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨੈੱਟਵਰਕ ਦੇ ਇੱਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗੀ ਵਾਸੀ ਨਾਂਦੇੜ, ਮਹਾਰਾਸ਼ਟਰ, ਸ਼ੁਭਮ ਖੇਲਬੂਡੇ ਵਾਸੀ ਨਾਂਦੇੜ ਅਤੇ ਗੁਰਦੀਪ ਸਿੰਘ ਉਰਫ਼ ਦੀਪਾ ਵਾਸੀ ਰਾਏਪੁਰ, ਥਾਣਾ ਨੂਰਪੁਰ ਬੇਦੀ (ਰੋਪੜ) ਵਜੋਂ ਹੋਈ ਹੈ। ਤਿੰਨੋਂ ਵੱਖ-ਵੱਖ ਕੰਮ ਕਰਦੇ ਸਨ। ਡੀਜੀਪੀ ਯਾਦਵ ਨੇ ਕਿਹਾ ਕਿ ਜਗਜੀਤ ਉਰਫ਼ ਜੱਗੀ ਨੇ 10 ਫਰਵਰੀ ਨੂੰ ਨਾਂਦੇੜ ਵਿੱਚ ਹੋਏ ਇੱਕ ਕਤਲ ਵਿੱਚ ਸ਼ਾਮਲ ਨਿਸ਼ਾਨੇਬਾਜ਼ਾਂ ਲਈ ਲੌਜਿਸਟਿਕਸ, ਸੁਰੱਖਿਅਤ ਪਨਾਹਗਾਹ ਅਤੇ ਤਾਲਮੇਲ ਦੀ ਸਹੂਲਤ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ, ਜਿਸਦੀ ਸਾਜ਼ਿਸ਼ ਰਿੰਦਾ ਨੇ ਸਰਹੱਦ ਪਾਰ ਤੋਂ ਰਚੀ ਸੀ।
ਜਾਂਚ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ, ਜੋ ਕਿ ਰਿੰਦਾ ਦਾ ਪੁਰਾਣਾ ਸਾਥੀ ਸੀ ਉਸ ਦੀ ਭੂਮਿਕਾ ਦਾ ਵੀ ਖੁਲਾਸਾ ਹੋਇਆ। ਜਿਸਨੇ ਪੰਜਾਬ ਵਿੱਚ ਮੁਲਜ਼ਮਾਂ ਲਈ ਸੁਰੱਖਿਅਤ ਪਨਾਹਗਾਹਾਂ ਦਾ ਪ੍ਰਬੰਧ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ 32 ਬੋਰ ਦਾ ਪਿਸਤੌਲ, 8 ਜ਼ਿੰਦਾ ਕਾਰਤੂਸ ਅਤੇ ਇੱਕ 12 ਬੋਰ ਪੰਪ ਐਕਸ਼ਨ ਗੰਨ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।