30 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਡੱਲੇਵਾਲ ਦਾ ਚੈਕਅੱਪ ਕਰਨ ਆਈ ਡਾਕਟਰਾਂ ਦੀ ਟੀਮ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੀ ਕਾਰ ਨੂੰ ਗਲਤ ਸਾਈਡ ਤੋਂ ਆ ਰਹੀ ਸਕਾਰਪੀਓ ਗੱਡੀ ਨੇ ਟੱਕਰ ਮਾਰ ਦਿੱਤੀ। ਹਾਲਾਂਕਿ, ਸਭ ਦਾ ਬਚਾਅ ਹੋ ਗਿਆ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਟੀਮ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਸੀ। ਇਹ ਹਾਦਸਾ ਪਟਿਆਲਾ ਦੇ ਪਿੰਡ ਜੋੜਾਮਾਜਰਾ ਨੇੜੇ ਵਾਪਰਿਆ।
ਦੱਸ ਦੇਈਏ ਕਿ ਡੱਲੇਵਾਲ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਮਰਨ ਵਰਤ ‘ਤੇ ਹਨ। ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਹੈ ਅਤੇ ਉਨ੍ਹਾਂ ਦਾ ਭਾਰ ਵੀ ਕਾਫੀ ਘੱਟ ਗਿਆ ਹੈ। ਉਹ ਸਿਰਫ਼ ਪਾਣੀ ਪੀ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਇਮਿਊਨਿਟੀ ਵੀ ਕਮਜ਼ੋਰ ਹੋ ਗਈ ਹੈ। ਇਨਫੈਕਸ਼ਨ ਦੇ ਖਤਰੇ ਕਾਰਨ ਉਨ੍ਹਾਂ ਨੂੰ ਅੰਦੋਲਨ ਦੇ ਮੰਚ ‘ਤੇ ਸ਼ੀਸ਼ੇ ਦੇ ਕਮਰੇ ‘ਚ ਰੱਖਿਆ ਜਾ ਰਿਹਾ ਹੈ।