ਲੁਧਿਆਣਾ ਦੇ ਕਸਬਾ ਦੋਰਾਹਾ ਸਥਿਤ ਕੱਪੜਿਆਂ ਦੇ ਸ਼ੋਅਰੂਮ ਵਿੱਚ ਦਿੱਲੀ ਤੋਂ ਆਈ ਐਡੀਡਾਸ ਟੀਮ ਨੇ ਪੁਲਿਸ ਦੀ ਮੌਜੂਦਗੀ ‘ਚ ਛਾਪਾ ਮਾਰਿਆ। ਟੀਮ ਨੇ ਸ਼ੋਅਰੂਮ ਵਿੱਚੋਂ ਵੱਡੀ ਗਿਣਤੀ ਵਿੱਚ ਕੱਪੜੇ ਜ਼ਬਤ ਕੀਤੇ ਹਨ।
ਕੰਪਨੀ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਦੋਰਾਹਾ ਅਤੇ ਲੁਧਿਆਣਾ ‘ਚ ਕਈ ਥਾਵਾਂ ‘ਤੇ ਜਾਅਲੀ ਬ੍ਰਾਂਡ ਵਾਲੇ ਸਟਿੱਕਰ ਲਗਾ ਕੇ ਡੀ-ਮਾਰਕ ਦਾ ਸਾਮਾਨ ਵੇਚਿਆ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਜਲਦੀ ਹੀ ਲੁਧਿਆਣਾ ਦੇ ਮੁੱਖ ਬਾਜ਼ਾਰਾਂ ਵਿੱਚ ਵੀ ਛਾਪੇਮਾਰੀ ਕੀਤੀ ਜਾਵੇਗੀ।
ਜਾਣਕਾਰੀ ਦਿੰਦਿਆਂ ASI ਸੁਖਬੀਰ ਸਿੰਘ ਨੇ ਦੱਸਿਆ ਕਿ ਲੱਕੜ ਮੰਡੀ ਸਥਿਤ ਰਾਇਲ ਫੈਸ਼ਨ ਸ਼ੋਅਰੂਮ ‘ਤੇ ਦਿੱਲੀ ਤੋਂ ਐਡੀਡਾਸ ਕੰਪਨੀ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਕੰਪਨੀ ਦੇ ਨਾਂ ਦੇ ਸਟਿੱਕਰ ਕੱਪੜਿਆਂ ‘ਤੇ ਲਗਾ ਕੇ ਵੇਚੇ ਜਾ ਰਹੇ ਹਨ। ਕੰਪਨੀ ਅਧਿਕਾਰੀਆਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਸ਼ੋਅਰੂਮ ਦੀ ਤਲਾਸ਼ੀ ਲਈ।
ਸੁਖਬੀਰ ਸਿੰਘ ਅਨੁਸਾਰ ਵੱਡੀ ਗਿਣਤੀ ਵਿੱਚ ਕੱਪੜੇ ਜ਼ਬਤ ਕੀਤੇ ਗਏ ਹਨ। ਇਨ੍ਹਾਂ ਕੱਪੜਿਆਂ ਦੀ ਜਾਂਚ ਕੀਤੀ ਜਾਵੇਗੀ। ਸ਼ੋਅਰੂਮ ਮਾਲਕ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਐਡੀਡਾਸ ਕੰਪਨੀ ਦੇ ਛਾਪੇ ਦੀ ਖਬਰ ਸੁਣਦੇ ਹੀ ਆਸਪਾਸ ਦੇ ਕਈ ਦੁਕਾਨਦਾਰਾਂ ‘ਚ ਹਫੜਾ-ਦਫੜੀ ਮੱਚ ਗਈ। ਡੀ ਬ੍ਰਾਂਡ ਵਾਲਾ ਸਮਾਨ ਵੇਚਣ ਵਾਲੇ ਲੁਧਿਆਣਾ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਜਾਅਲੀ ਸਟਿੱਕਰ ਲਗਾ ਕੇ ਕੱਪੜੇ ਵੇਚ ਰਹੇ ਹਨ।