ਮਾਡਲ ਟਾਊਨ ਵਿਖੇ ਧੂਰੀ ਦੇ ਰਹਿਣ ਵਾਲੇ ਪਤੀ ਪਤਨੀ ਟਰੈਵਲ ਏਜੰਟ ਤੋਂ ਦੁੱਖੀ ਹੋ ਕੇ ਅੱਜ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਦੋਨਾਂ ਨੂੰ ਟੈਂਕੀ ‘ਤੇ ਚੜ੍ਹਦਿਆਂ ਦੇਖ ਕੇ ਆਸਪਾਸ ਰਹਿਣ ਵਾਲੇ ਲੋਕਾਂ ਨੇ ਰੌਲਾ ਪਾਇਆ ਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਟੈਂਕੀ ‘ਤੇ ਚੜ੍ਹਨ ਵਾਲੇ ਪਤੀ ਪਤਨੀ ਦਾ ਨਾਂ ਹਰਦੀਪ ਸਿੰਘ ਤੇ ਅਮਨਦੀਪ ਕੌਰ ਹੈ। ਟੈਂਕੀ ’ਤੇ ਬੈਠ ਪਤੀ ਪਤਨੀ ਨੇ ਰੌਲਾ ਪਾਇਆ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਗਲੋਬਲ ਇਮੀਗ੍ਰੇਸ਼ਨ ਕੰਪਨੀ ਨੇ ਉਨ੍ਹਾਂ ਨਾਲ 10 ਲੱਖ ਰੁਪਏ ਠੱਗੀ ਮਾਰੀ ਹੈ। ਹੁਣ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਤੋਂ ਦੁਖੀ ਹੋ ਕੇ ਅੱਜ ਟੈਂਕੀ ‘ਤੇ ਆਤਮ ਹੱਤਿਆ ਕਰਨ ਲਈ ਚੜ੍ਹੇ ਹਨ। ਮੌਕੇ ਤੇ ਮੌਜੂਦ ਪੁਲਿਸ ਮੁਲਾਜਮ ਦੋਵੇਂ ਪਤੀ ਪਤਨੀ ਨੂੰ ਟੈਂਕੀ ‘ਤੇ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਉਕਤ ਇਮੀਗ੍ਰੇਸ਼ਨ ਕੰਪਨੀ ਦੇ ਖ਼ਿਲਾਫ਼ ਕਾਰਵਾਈ ਨੂੰ ਲੈਕੇ ਅੜੇ ਹੋਏ ਹਨ। ਏਸੀਪੀ ਜਤਿਨ ਬਾਂਸਲ ਘਟਨਾ ਵਾਲੀ ਥਾਂ ’ਤੇ ਪੁੱਜੇ।
ਜਾਣਕਾਰੀ ਦਿੰਦਿਆਂ ਧੂਰੀ ਦੇ ਰਹਿਣ ਵਾਲੇ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹਰਦੀਪ ਸਿੰਘ ਅਤੇ ਨੂੰਹ ਅਮਨਦੀਪ ਕੌਰ UK ਜਾਣ ਲਈ ਜਨਵਰੀ ਮਹੀਨੇ ਵਿੱਚ ਫਾਈਲ ਦਾਇਰ ਲਗਾਈ ਸੀ। ਉਸ ਸਮੇਂ ਗਲੋਬਲ ਇਮੀਗ੍ਰੇਸ਼ਨ ਦੇ ਪ੍ਰਬੰਧਕਾਂ ਨੇ ਕਿਹਾ ਸੀ ਕਿ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਦੇਣੇ ਪੈਣਗੇ। ਗੁਰਮੇਲ ਸਿੰਘ ਨੇ ਦਸਿਆ ਕਿ ਉਸ ਨੇ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲੈਕੇ ਇਮੀਗ੍ਰੇਸ਼ਨ ਮੈਨੇਜਰਾਂ ਨੂੰ ਦਿੱਤਾ ਸੀ। ਪੈਸੇ ਲੈਣ ਤੋਂ ਬਾਅਦ ਇਮੀਗ੍ਰੇਸ਼ਨ ਕੰਪਨੀ ਨੇ ਵੀਜ਼ੇ ਦੇ ਨਾਂ ਤੇ ਇਹਨ੍ਹਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਜੇਕਰ ਇਮੀਗ੍ਰੇਸ਼ਨ ਦੇ ਮੁਖੀ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਨ। ਕੁੱਲ ਸੌਦਾ 26 ਲੱਖ ਰੁਪਏ ਵਿੱਚ ਹੋਇਆ ਸੀ।
ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪ੍ਰਸ਼ਾਸਨ ਨਾਲ ਗੇੜੇ ਮਾਰ-ਮਾਰ ਕੇ ਥੱਕ ਚੁੱਕੇ ਹਨ। ਪੁਲੀਸ ਕਮਿਸ਼ਨਰ ਦਫ਼ਤਰ ਵਿੱਚ ਸ਼ਿਕਾਇਤ ਵੀ ਦਿੱਤੀ ਗਈ। ਪੁਲਿਸ ਨੇ ਸ਼ਿਕਾਇਤ ਧੂਰੀ ਪੁਲਿਸ ਨੂੰ ਭੇਜ ਦਿੱਤੀ, ਹੁਣ ਜਦੋਂ ਧੂਰੀ ਪੁਲਸ ਨੇ ਜਾਣਕਾਰੀ ਲੈਣ ਲਈ ਲੁਧਿਆਣਾ ਨੂੰ ਫੋਨ ਕੀਤਾ ਤਾਂ ਲੁਧਿਆਣਾ ਪੁਲਿਸ ਸਹਿਯੋਗ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਕਿ ਜੇ ਅੱਜ ਦੋਸ਼ੀ ਟਰੈਵਲ ਏਜੰਟ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਸਦੇ ਦੋਵੇਂ ਪੁੱਤਰ-ਧੀ ਆਤਮ ਹੱਤਿਆ ਕਰ ਲੈਣਗੇ। ਏਸੀਪੀ ਜਤਿਨ ਬਾਂਸਲ ਨੇ ਕਿਹਾ ਕਿ ਟੈਂਕੀ ’ਤੇ ਚੜ੍ਹੇ ਪਤੀ ਪਤਨੀ ਦਾ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।