ਲੁਧਿਆਣਾ ਦੀ ਈਸ਼ਵਰ ਕਲੋਨੀ ਵਿੱਚ ਜਾਗੋ ਸਮਾਗਮ ਦੌਰਾਨ ਦੋ ਧਿਰਾਂ ਵਿੱਚ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਇਕ ਪਾਸਿਓਂ ਨੌਜਵਾਨਾਂ ਨੇ ਦੂਜੇ ਪਾਸੇ ਗੋਲੀਆਂ ਚਲਾ ਦਿੱਤੀਆਂ। ਹਮਲੇ ‘ਚ ਇਕ ਨੌਜਵਾਨ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੇ ਹੱਥ ਵਿੱਚ ਗੋਲੀ ਲੱਗਣ ਕਾਰਨ ਉਸ ਨੂੰ ਦਾਖਲ ਕਰਵਾਇਆ ਗਿਆ।
ਜ਼ਖਮੀ ਨੌਜਵਾਨ ਦੀ ਪਛਾਣ 26 ਸਾਲਾ ਬਲਵਿੰਦਰ ਸਿੰਘ ਵਾਸੀ ਗੁਰੂ ਅੰਗਦ ਕਾਲੋਨੀ ਵਜੋਂ ਹੋਈ ਹੈ। ਹਸਪਤਾਲ ਵਿੱਚ ਇਲਾਜ ਅਧੀਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੇਹੜੀ ਦਾ ਕੰਮ ਕਰਦਾ ਹੈ। ਉਹ ਜਾਗੋ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੋਸਤ ਦੇ ਘਰ ਗਿਆ ਸੀ, ਜਿੱਥੇ ਸਮਾਗਮ ਵਿੱਚ ਆਏ ਦੋ ਹੋਰ ਨੌਜਵਾਨਾਂ ਨਾਲ ਉਸ ਦੀ ਤਕਰਾਰ ਹੋ ਗਈ।
ਝਗੜੇ ਤੋਂ ਬਾਅਦ ਇਕ ਨੌਜਵਾਨ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਹਮਲੇ ਵਿੱਚ ਬਲਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਗਿਆ। ਗੋਲੀਬਾਰੀ ਤੋਂ ਬਾਅਦ ਸਮਾਗਮ ਵਿੱਚ ਭਗਦੜ ਮੱਚ ਗਈ। ਸਮਾਗਮ ਵਿੱਚ ਆਏ ਲੋਕਾਂ ਨੇ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਉਥੇ ਦਾਖਲ ਕਰਵਾਇਆ ਗਿਆ ਅਤੇ ਘਟਨਾ ਸਬੰਧੀ ਥਾਣਾ ਸ਼ਿਮਲਾਪੁਰੀ ਨੂੰ ਸੂਚਨਾ ਦਿੱਤੀ ਗਈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।